Sri Guru Nanak Dev ji : ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣ ਹੋਆ॥
Sri Guru Nanak Dev ji : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ (Guru Nanak Dev Ji) ਜੀ ਦਾ ਜਿਸ ਸਮੇਂ ਜਨਮ ਹੋਇਆ ਸੀ ਉਸ ਸਮੇਂ ਕੁਲ ਲੁਕਾਈ ਵਹਿਮਾਂ ਭਰਮਾਂ 'ਚ ਫਸੀ ਹੋਈ ਸੀ।ਪੂਰਾ ਸੰਸਾਰ ਅਗਿਆਨਤਾ ਦੇ ਹਨੇਰੇ 'ਚ ਫਸਿਆ ਹੋਇਆ ਸੀ । ਪਰ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਨਾਂ ਬੁਰਾਈਆਂ 'ਚੋਂ ਕੱਢਿਆ 'ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ ਜਨਮ ਪਾਕਿਸਤਾਨ 'ਚ ਰਾਇ ਭੋਇ ਦੀ ਤਲਵੰਡੀ 'ਚ 1469 'ਚ ਹੋਇਆ ਸੀ।ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਸ ਸਮੇਂ ਦਾਈ ਦੌਲਤਾ ਬਾਲਕ ਦੇ ਚਿਹਰੇ 'ਤੇ ਇਲਾਹੀ ਨੂਰ ਵੇਖ ਕੇ ਹੈਰਾਨ ਹੋ ਗਈ।
ਆਪ ਜੀ ਦੇ ਪਿਤਾ ਨੇ ਪਾਂਧੇ ਨੂੰ ਬੱਚੇ ਦੀ ਜਨਮ ਪੱਤਰੀ ਬਨਾਉਣ ਲਈ ਬੁਲਾਇਆ ਤਾਂ ਪਾਂਧੇ ਨੇ ਭਵਿੱਖ ਬਾਣੀ ਕੀਤੀ ਕਿ ਇਹ ਬਾਲਕ ਗ੍ਰਹਿ ਨਛੱਤਰਾਂ ਅਨੁਸਾਰ ਕੋਈ ਦਿਵਯ ਜੋਤੀ ਵਾਲਾ ਪੁਰਖ ਹੋਵੇਗਾ।ਉਨਾਂ ਦੀ ਮਾਤਾ ਦਾ ਨਾਂਅ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਂਅ ਮੇਹਤਾ ਕਾਲੂ ਜੀ ਸੀ ।ਜਦੋਂ ਗੁਰੂ ਨਾਨਕ ਦੇਵ ਜੀ ਥੋੜੇ ਵੱਡੇ ਹੋਏ ਤਾਂ ਉਨਾਂ ਦੇ ਪਿਤਾ ਨੇ ਪਾਂਧੇ ਕੋਲ ਪੜਨ ਲਈ ਭੇਜਿਆ ਉਥੇ ਆਪਨੇ ੴ ਸ਼ਬਦ ਲਿਖ ਕੇ ਪਾਂਧੇ ਨੂੰ ਹੈਰਾਨ ਕਰ ਦਿੱਤਾ ,ਇਸਦੇ ਨਾਲ ਹੀ ਇਸ ਸ਼ਬਦ ਦੇ ਅਰਥ ਵੀ ਕੀਤੇ।

ਆਪ ਥੋੜੇ ਵੱਡੇ ਹੋਏ ਤਾਂ ਆਪ ਜੀ ਦੇ ਪਿਤਾ ਨੇ ਉਨਾਂ ਨੂੰ ਵੀਹ ਰੁਪਏ ਦੇ ਕੇ ਕੋਈ ਸੱਚਾ ਸੌਦਾ ਕਰਨ ਲਈ ਕਿਹਾ । ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਉਨਾਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਵਾਪਸ ਪਰਤ ਆਏ ਬਚਪਨ ਤੋਂ ਹੀ ਉਨਾਂ ਦੀ ਰੂਚੀ ਧਾਰਮਿਕ ਕੰਮਾਂ ਵੱਲ ਸੀ।
ਗੁਰੂ ਜੀ ਨੇ ਆਪਣੇ ਜੀਵਨ 'ਚ ਚਾਰ ਉਦਾਸੀਆਂ ਵੀ ਕੀਤੀਆਂ। ਜਿਨਾਂ 'ਚ ਪਹਿਲੀ ਉਦਾਸੀ ੧੪੯੭ 'ਚ ਦੂਸਰੀ ਉਦਾਸੀ ੧੫੧੧ 'ਚ ਤੇ ਤੀਸਰੀ ਉਦਾਸੀ ੧੫੧੬ 'ਚ ਕੀਤੀ। ਇਨ੍ਹਾਂ ਯਾਤਰਾਵਾਂ ਦੋਰਾਨ ਉਨ੍ਹਾਂ ਨੇ ਕਈ ਕੁਰਾਹੀਆਂ ਨੂੰ ਸਿੱਧੇ ਰਸਤੇ ਪਾਇਆ। ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਅਡੰਬਰਾਂ 'ਚੋਂ ਬਾਹਰ ਕੱਢਿਆ। ਗੁਰੂ ਜੀ ਨੇ ਪੂਰੀ ਕਾਇਨਾਤ ਨੂੰ ਦਸਾਂ ਨਹੁੰਆਂ ਦੀ ਕਿਰਤ 'ਤੇ ਹੱਕ ਹਲਾਲ ਦੀ ਕਮਾਈ ਦਾ ਸੁਨੇਹਾ ਦਿੱਤਾ।

ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਕੁਝ ਸਮਾਂ ਕਰਤਾਰਪੁਰ ਸਾਹਿਬ ਵਿਚ ਹੀ ਬਤੀਤ ਕੀਤਾ। ਇਥੇ ਹੀ ਉਹ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਰਹੇ। ਇਸੇ ਸਥਾਨ 'ਤੇ ਉਹਨਾਂ ਸੰਗਤ ਨੂੰ ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਜਿਹੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਗੁਰੂ ਜੋਤ ਦਾ ਪ੍ਰਕਾਸ਼ ਆਪਣੇ ਅਨਿੰਨ ਸੇਵਕ ਭਾਈ ਲਹਿਣਾ ਨੂੰ ਆਪਣਾ ਅੰਗ ਜਾਣਦੇ ਹੋਏ, ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਪ੍ਰਗਟ ਕੀਤਾ ਅਤੇ ਉਨਾਂ ਨੂੰ ਦੂਜੇ ਗੁਰੂ ਹੋਣ ਦਾ ਮਾਣ ਬਖਸ਼ਦਿਆਂ ਗੁਰਤਾ ਗੱਦੀ ਦਾ ਵਾਰਿਸ ਥਾਪਿਆ। ਇਸ ਤੋਂ ਉਪਰੰਤ ਜਲਦੀ ਹੀ 1539 ਈ: ਵਿਚ ਕਰਤਾਰਪੁਰ ਸਾਹਿਬ ਵਿਚ ਹੀ ਜੋਤੀ-ਜੋਤ ਸਮਾ ਗਏ।

ਕਰਤਾਰਪੁਰ ਸਾਹਿਬ ਵਿਚ ਰਹਿੰਦਿਆਂ ਗੁਰੂ ਸਾਹਿਬ ਨੇ ਬਹੁਤ ਸਾਰੇ ਅਹਿਮ ਕਾਰਜ ਕੀਤੇ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਤੇ ਪਰਿਪੱਕ ਕਾਰਜ ਉਹਨਾਂ ਵੱਲੋਂ ਬਾਣੀ ਰਚਨਾ ਦਾ ਸੀ। ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਸਾਹਿਬ ਦੁਆਰਾ 19 ਰਾਗਾਂ ਵਿਚ ਰਚਿਤ ਬਾਣੀ ਮਿਲਦੀ ਹੈ। ਇਸ ਤੋਂ ਇਲਾਵਾ ਰਾਗ ਰਹਿਤ ਬਾਣੀ ਵੀ ਆਪ ਜੀ ਦੁਆਰਾ ਰਚੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ ਸਾਹਿਬ, ਸਿਧ ਗੋਸਟਿ, ਬਾਰਹਮਾਹਾ ਤੁਖਾਰੀ, ਕੁਚੱਜੀ, ਸੁਚੱਜੀ, ਪਹਿਰੇ, ਥਿਤੀ, ਅਲਾਹੁਣੀਆ, ਆਸਾ ਦੀ ਵਾਰ, ਮਾਝ ਕੀ ਵਾਰ, ਵਾਰ ਮਲ੍ਹਾਰ ਆਪ ਦੁਆਰਾ ਰਚਿਤ ਪ੍ਰਮੁੱਖ ਬਾਣੀਆਂ ਹਨ। ਆਪ ਜੀ ਦੀਆਂ ਰਚਿਤ ਸ਼ਬਦਾਂ ਦਾ ਕੁੱਲ ਜੋੜ 958 ਹੈ। ਜਿਨ੍ਹਾਂ ਵਿਚੋਂ ਜਪੁਜੀ, ਸਿਧ ਗੋਸਟਿ, ਓਅੰਕਾਰ, ਪੱਟੀ, ਬਾਰਹਮਾਹਾ ਅਤੇ ਥਿਤੀ ਵਡ-ਅਕਾਰੀ ਬਾਣੀਆਂ ਹਨ। ਪਹਿਰੇ, ਅਲਾਹੁਣੀਆ, ਆਰਤੀ, ਕੁਚੱਜੀ, ਸੁਚੱਜੀ ਲਘੂ ਆਕਾਰੀ ਬਾਣੀਆਂ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬ ਦੁਆਰਾ ਤਿੰਨ ਵਾਰਾਂ ਆਸਾ ਦੀ ਵਾਰ, ਮਾਝ ਕੀ ਵਾਰ ਅਤੇ ਵਾਰ ਮਲ੍ਹਾਰ ਦੀ ਰਚਨਾ ਹੋਈ ਮਿਲਦੀ ਹੈ। ਗੁਰ ਸਾਹਿਬ ਬਹੁ ਪੱਖੀ ਸ਼ਖ਼ਸੀਅਤ ਦੇ ਮਾਲਿਕ ਸਨ। ਜਿਥੇ ਇਕ ਪਾਸੇ ਉਨ੍ਹਾਂ ਦੀ ਬਾਣੀ ਵਿਚ ਤੱਤਕਾਲੀਨ ਹਾਲਾਤਾਂ ਦੇ ਮੱਦੇ ਨਜ਼ਰ ਸਮਾਜਿਕ, ਧਾਰਮਿਕ, ਰਾਜਨੀਤਿਕ ਅਵਸਥਾ ਬਾਰੇ ਅਸੰਤੁਸ਼ਟਤਾ ਅਤੇ ਨਿਰਾਸ਼ਾਪਨ ਪ੍ਰਗਟ ਕੀਤਾ ਗਿਆ ਹੈ, ਉਥੇ ਨਾਲ ਹੀ ਉਹਨਾਂ ਦੀ ਬਾਣੀ ਵਿਚ ਇਹਨਾਂ ਬਾਰੇ ਕਰੜੇ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ, ਇਸਦੇ ਵਿਰੋਧ ਵਿਚ ਸਵੱਛ ਅਤੇ ਕਲਿਆਣਕਾਰੀ ਸਮਾਜ ਦੀ ਉਸਾਰੀ ਦੇ ਯਤਨ ਵੀ ਕੀਤੇ ਗਏ ਹਨ। ਗਲਤ ਮਾਨਤਾਵਾਂ, ਕਦਰਾਂ-ਕੀਮਤਾਂ, ਊਚ-ਨੀਚ ਦੇ ਭੇਦ-ਭਾਵ ਨੂੰ ਨਕਾਰਿਆ ਗਿਆ ਹੈ। ਗੁਰੂ ਸਾਹਿਬ ਮਨੁੱਖ ਨੂੰ ਸਦਾਚਾਰ ਦੇ ਮਾਰਗ 'ਤੇ ਚਲਦਿਆਂ ਆਪਣੇ ਜੀਵਨ ਵਿਚ ਚੰਗੇ ਗੁਣਾਂ ਨੂੰ ਅਪਣਾਉਣ ਅਤੇ ਨਿਮਰਤਾ, ਮਿਠਾਸ ਅਤੇ ਸੰਜਮ ਨੂੰ ਅਮਲੀ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦ੍ਰਿੜ ਕਰਦੇ ਹਨ। ਗੁਰੂ ਸਾਹਿਬ ਮਨੁੱਖੀ ਜੀਵਨ ਦਾ ਅਸਲ ਮਨੋਰਥ ਵੀ ਦ੍ਰਿੜ ਕਰਦੇ ਹਨ। ਉਹਨਾਂ ਅਨੁਸਾਰ ਮਨੁੱਖੀ ਜੀਵਨ ਦਾ ਅਸਲ ਮਨੋਰਥ ਉਸ ਸੱਚ ਦੀ ਅਸਲੀਅਤ ਨੂੰ ਸਮਝਣਾ ਹੈ।
ਸੱਚਾ ਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦਾ ਹੈ। ਜਿਹੜੇ ਜੀਵ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਵ ਦੀ ਸੁਰਤਿ ਉੱਚੀ ਹੁੰਦੀ ਹੈ ਤੇ ਉਸਨੂੰ ਆਪਣੇ ਜੀਵਨ ਦੇ ਅਸਲ ਮਨੋਰਥ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਤੇ ਅਜਿਹੇ ਜੀਵ ਹੀ ਪਰਮਾਤਮਾ ਦੇ ਦਰ 'ਤੇ ਵਡਿਆਈ ਦੇ ਪਾਤਰ ਬਣਦੇ ਹਨ।
- PTC NEWS