Holi Colours: ਹੋਲੀ ਦੇ ਰੰਗ ਵਰਤਣ ਤੋਂ ਪਹਿਲਾਂ ਸਾਵਧਾਨ, ਜਾਣੋ ਕਿੰਨੇ ਖਤਰਨਾਕ ਹੋ ਸਕਦੇ ਹਨ ਇਹ ਰੰਗ
Holi Colours Side Effects: ਜ਼ਿਆਦਾਤਰ ਹਰ ਕੋਈ ਹੋਲੀ ਦੇ ਤਿਉਹਾਰ ਦੀ ਉਡੀਕ ਕਰਦਾ ਹੈ। ਦਸ ਦਈਏ ਕਿ ਇਸ ਵਾਰ ਹੋਲੀ 25 ਮਾਰਚ 2024 ਨੂੰ ਮਨਾਈ ਜਾਵੇਗੀ, ਜਿਸ ਲਈ ਲੋਕਾਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਹੋਲੀ ਖੇਡਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਬਾਜ਼ਾਰ 'ਚ ਉਪਲਬਧ ਰੰਗਾਂ ਅਤੇ ਗੁਲਾਲ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜਕਲ੍ਹ ਬਾਜ਼ਾਰ 'ਚ ਮਿਲਣ ਵਾਲੇ ਰੰਗ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਬਾਜ਼ਾਰ 'ਚ ਵੇਚੇ ਜਾਣ ਵਾਲੇ ਰੰਗਾਂ ਨਾਲ ਨਾ ਸਿਫ਼ਰ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਸਗੋਂ ਹੋਰ ਕਈ ਸਿਹਤ ਸਮਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ ਤਾਂ ਆਉ ਜਾਣਦੇ ਹਾਂ ਹੋਲੀ ਦੇ ਰੰਗਾਂ ਕਾਰਨ ਤੁਹਾਨੂੰ ਕਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਾਹ ਦੀਆਂ ਬਿਮਾਰੀਆਂ: ਹੋਲੀ ਦੌਰਾਨ ਹਵਾ 'ਚ ਫੈਲੇ ਰਸਾਇਣਕ ਰੰਗਾਂ ਦੇ ਬਾਰੀਕ ਕਣ ਖੰਘ, ਛਿੱਕ, ਸਾਹ ਲੈਣ 'ਚ ਮੁਸ਼ਕਲ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਨਾਲ ਹੀ ਦਮੇ ਦੇ ਮਰੀਜ਼ਾਂ ਦੀ ਹਾਲਤ ਹੋਰ ਵਿਗੜ ਸਕਦੀ ਹੈ। ਦਸ ਦਈਏ ਕਿ ਇਸ ਕਾਰਨ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਖਾਂ ਦੀ ਜਲਣ ਦੀ ਸਮੱਸਿਆ: ਰਸਾਇਣਕ ਰੰਗਾਂ ਨਾਲ ਸਿੱਧਾ ਸੰਪਰਕ ਹੋਣ ਕਾਰਨ ਤੁਹਾਨੂੰ ਅੱਖਾਂ 'ਚ ਜਲਣ, ਲਾਲੀ ਵਰਗੀਆਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਹੋਲੀ ਖੇਡਦੇ ਸਮੇਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਚਮੜੀ ਦੀ ਜਲਣ ਅਤੇ ਐਲਰਜੀ ਦੀਆਂ ਸਮੱਸਿਆਵਾਂ: ਇਸ ਤੋਂ ਇਲਾਵਾ ਰਸਾਇਣਕ ਰੰਗਾਂ ਕਾਰਨ ਤੁਹਾਨੂੰ ਚਮੜੀ 'ਤੇ ਜਲਣ, ਲਾਲੀ, ਖਾਰਸ਼ ਅਤੇ ਐਲਰਜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਮਾਹਿਰਾਂ ਮੁਤਾਬਕ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਰਸਾਇਣਕ ਰੰਗਾਂ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਕੈਂਸਰ ਦਾ ਖਤਰਾ: ਹੋਲੀ ਦੇ ਰੰਗਾਂ 'ਚ ਵਰਤੇ ਜਾਣ ਵਾਲੇ ਕੁਝ ਰਸਾਇਣ ਜਿਵੇਂ ਕਿ ਸੀਸਾ ਅਤੇ ਕ੍ਰੋਮੀਅਮ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਹਨ। ਦਸ ਦਈਏ ਕਿ ਇਨ੍ਹਾਂ ਨਾਲ ਲੰਬੇ ਸਮੇਂ ਤੱਕ ਸੰਪਰਕ 'ਚ ਰਹਿਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਹੋਲੀ ਖੇਡਦੇ ਸਮੇਂ ਸਹੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)