Punjab News : ਪੰਜਾਬੀ ਭਾਸ਼ਾ ਦੇ ਗਿਆਨ ਤੋਂ ਅਧੂਰੇ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣੀ ਕਿੰਨੀ ਕੁ ਜਾਇਜ਼ ? : DTF

Punjab News : ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੇਂ ਕਾਰਨਾਮਿਆਂ ਲਈ ਚਰਚਾ ਵਿੱਚ ਰਹਿੰਦਾ ਹੈ, ਭਾਂਵੇ ਆਪਣੇ ਸੂਬੇ ਦੇ ਬਹੁ ਗਿਣਤੀ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ 12ਵੀਂ ਜਮਾਤ ਵਿੱਚੋਂ ਜਨਰਲ ਪੰਜਾਬੀ ਵਿੱਚੋਂ 3800 ਤੋਂ ਵੱਧ ਅਤੇ 10ਵੀਂ ਜਮਾਤ ਵਿੱਚੋਂ 1571 ਵਿਦਿਆਰਥੀਆਂ ਨੂੰ ਪਹਿਲੀ ਭਾਸ਼ਾ ਪੰਜਾਬੀ ਵਿੱਚੋਂ ਪਾਸ ਨਹੀਂ ਕਰਵਾ ਸਕਿਆ, ਪ੍ਰੰਤੂ ਹੁਣ ਵਿਭਾਗ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਅਧਿਆਪਕਾਂ ਨੂੰ ਆਦੇਸ਼ ਜਾਰੀ ਕਰ ਰਿਹਾ ਹੈ

By  Shanker Badra May 24th 2025 04:34 PM
Punjab News : ਪੰਜਾਬੀ ਭਾਸ਼ਾ ਦੇ ਗਿਆਨ ਤੋਂ ਅਧੂਰੇ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣੀ ਕਿੰਨੀ ਕੁ ਜਾਇਜ਼ ? : DTF

Punjab News : ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੇਂ ਕਾਰਨਾਮਿਆਂ ਲਈ ਚਰਚਾ ਵਿੱਚ ਰਹਿੰਦਾ ਹੈ, ਭਾਂਵੇ ਆਪਣੇ ਸੂਬੇ ਦੇ ਬਹੁ ਗਿਣਤੀ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ 12ਵੀਂ ਜਮਾਤ ਵਿੱਚੋਂ ਜਨਰਲ ਪੰਜਾਬੀ ਵਿੱਚੋਂ 3800 ਤੋਂ ਵੱਧ ਅਤੇ 10ਵੀਂ ਜਮਾਤ ਵਿੱਚੋਂ 1571 ਵਿਦਿਆਰਥੀਆਂ ਨੂੰ ਪਹਿਲੀ ਭਾਸ਼ਾ ਪੰਜਾਬੀ ਵਿੱਚੋਂ ਪਾਸ ਨਹੀਂ ਕਰਵਾ ਸਕਿਆ, ਪ੍ਰੰਤੂ ਹੁਣ ਵਿਭਾਗ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਅਧਿਆਪਕਾਂ ਨੂੰ ਆਦੇਸ਼ ਜਾਰੀ ਕਰ ਰਿਹਾ ਹੈ।

ਪੰਜਾਬੀ ਭਾਸ਼ਾ ਵਿੱਚ ਪੱਛੜੇ ਵਿਦਿਆਰਥੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੇ ਨਾਂ ਹੇਠ ਸਮਰੱਥ ਮਿਸ਼ਨ ਪਿਛਲੇ 2 ਸਾਲਾਂ ਤੋਂ ਵੱਖ ਵੱਖ ਗਰੁੱਪਾਂ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ। ਜਿਸ ਵਿੱਚ ਅੱਠਵੀਂ ਜਮਾਤ ਤੱਕ ਦੇ ਅਨੇਕਾਂ ਵਿਦਿਆਰਥੀਆਂ ਵੀ ਹਾਲੇ ਤੱਕ ਸ਼ਬਦ ਪੜ੍ਹਨਾ ਲਿਖਣਾ ਸਿੱਖ ਰਹੇ ਹਨ, ਭਾਵ ਉਹ ਪੰਜਾਬੀ ਭਾਸ਼ਾ ਵਿਚ ਆਪਣੇ ਨਾਲ ਦੇ ਵਿਦਿਆਰਥੀਆਂ ਨਾਲੋਂ ਕਾਫੀ ਪੱਛੜੇ ਹੋਏ ਹਨ।

ਵਿਭਾਗ ਵੱਲੋਂ ਤਿੰਨ ਭਾਸ਼ਾ ਸੂਤਰ ਨੂੰ ਵੀ ਤੋੜਦਿਆਂ ਚੌਥੀ ਭਾਸ਼ਾ ਤੇਲਗੂ ਦੇ ਮੁੱਢਲੇ ਗਿਆਨ ਦੇਣ ਦੇ ਨਿਰਦੇਸ਼ਾਂ ਬਾਰੇ ਟਿੱਪਣੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਅਜਿਹੇ ਤਰਕਹੀਣ ਤਜਰਬਿਆਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਪਹਿਲਾਂ ਹੀ ਪੰਜਾਬ ਦੇ ਵਿਦਿਆਰਥੀ ਤਿੰਨ ਭਾਸ਼ਾਈ ਸੂਤਰ ਅਧੀਨ ਤਿੰਨ ਭਾਸ਼ਾਵਾਂ ਸਿੱਖ ਰਹੇ ਹਨ, ਉਨ੍ਹਾਂ 'ਤੇ ਚੌਥੀ ਭਾਸ਼ਾ ਲੱਦਣੀ ਬਿਲਕੁਲ ਗੈਰ ਮਨੋਵਿਗਿਆਨਕ ਹੈ।

ਨਾਲ ਹੀ ਅੱਜ ਦੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਕਿਸੇ ਵੀ ਭਾਸ਼ਾ ਦਾ ਉਲੱਥਾ ਦੂਜੀ ਭਾਸ਼ਾ ਵਿੱਚ ਹਾਸਲ ਕੀਤਾ ਜਾ ਸਕਦਾ ਹੈ, ਤਾਂ ਇਸ ਹਾਲਤ ਵਿੱਚ ਵਿਦਿਆਰਥੀਆਂ ਤੇ ਵਾਧੂ ਮਾਨਸਿਕ ਬੋਝ ਪਾਉਣਾ ਬੇਲੋੜਾ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਕੇ ਕੰਮ ਵਾਲੇ ਦਿਨਾਂ ਵਿੱਚ ਅੱਧੀ ਛੁੱਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਸਵੇਰ ਦੇ ਸਮੇਂ ਤਿੰਨ ਘੰਟੇ ਸਮਰ ਕੈਂਪ ਲਾ ਕੇ ਤੇਲਗੂ ਭਾਸ਼ਾ ਦਾ ਗਿਆਨ ਦਿੱਤਾ ਜਾਵੇ। ਆਗੂਆਂ ਨੇ ਸਿੱਖਿਆ ਵਿਭਾਗ 'ਤੇ ਦੋਸ਼ ਲਗਾਇਆ ਕਿ ਨਿੱਤ ਨਵੇਂ ਤਜਰਬਿਆਂ ਨਾਲ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ, ਸਕੂਲਾਂ ਵਿੱਚ ਲੋੜੀਂਦੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਥਾਂ ਅਧਿਆਪਕਾਂ ਨੂੰ ਹੋਰ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਨਿਸ਼ਚਿਤ ਕੈਲੰਡਰ ਜਾਰੀ ਕਰੇ ,ਜਿਸ ਅਨੁਸਾਰ ਸਾਰੀਆਂ ਗਤੀਵਿਧੀਆਂ ਹੋਣ ਨਾ ਕਿ ਨਿੱਤ ਦਿਨ ਨਵੇਂ ਤਜਰਬੇ ਕੀਤੇ ਜਾਣ।

Related Post