Khanna News : ਖੰਨਾ ‘ਚ ਭਾਰੀ ਮੀਂਹ ਦੌਰਾਨ ਡਿੱਗਿਆ ਘਰ , ਮਕਾਨ ਪਿੱਛੇ ਕਾਲੋਨੀ ਕੱਟਣ ਲਈ ਪੁੱਟੀਆਂ ਸੀ ਨੀਹਾਂ
Khanna News : ਖੰਨਾ ਦੇ ਰਾਹੌਣ ਇਲਾਕੇ ‘ਚ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। 31 ਅਗਸਤ ਨੂੰ ਮੀਂਹ ਦੌਰਾਨ ਇੱਕ ਘਰ ਢਹਿ ਗਿਆ, ਜਿਸਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਦਸੇ ਵਿੱਚ ਪਰਿਵਾਰ ਵਾਲ-ਵਾਲ ਬਚ ਗਿਆ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਘਰ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਇਹ ਘਰ ਉਹਨਾਂ ਨੇ 8-9 ਸਾਲ ਪਹਿਲਾਂ ਆਪਣੀ ਮਿਹਨਤ ਦੀ ਕਮਾਈ ਨਾਲ ਬਣਾਇਆ ਸੀ ਪਰ ਕੁਝ ਸਮਾਂ ਪਹਿਲਾਂ ਉਸਦੇ ਘਰ ਨਾਲ ਲੱਗਦੀ ਜ਼ਮੀਨ ‘ਚ ਇੱਕ ਕਾਲੋਨੀ ਕੱਟੀ ਜਾ ਰਹੀ ਹੈ ਜੋ ਕਿ ਸ਼ਾਇਦ ਗੈਰ-ਮਨਜ਼ੂਰਸ਼ੁਦਾ ਹੈ।
ਕਾਲੋਨੀ ਦੀ ਚਾਰਦੀਵਾਰੀ ਲਈ ਲਗਭਗ 5 ਫੁੱਟ ਡੂੰਘੀ ਨੀਂਹ ਪੁੱਟ ਕੇ ਛੱਡ ਦਿੱਤੀ ਗਈ ਸੀ। ਮੀਂਹ ਪੈਣ ਕਾਰਨ ਨੀਂਹ ਵਿੱਚ ਪਾਣੀ ਭਰ ਗਿਆ ਅਤੇ ਉਸਦੇ ਘਰ ਦੀ ਨੀਂਹ ਕਮਜ਼ੋਰ ਹੋ ਗਈ। ਭਾਰੀ ਮੀਂਹ ਦੌਰਾਨ 31 ਅਗਸਤ ਨੂੰ ਉਹਨਾਂ ਦਾ ਘਰ ਕੁਝ ਹੀ ਪਲਾਂ ਵਿੱਚ ਢਹਿ ਗਿਆ। ਪਵਨ ਕੁਮਾਰ ਦੇ ਮੁਤਾਬਕ ਉਹਨਾਂ ਦਾ ਲਗਭਗ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਰ ਦਾ ਪਿਛਲਾ ਪੂਰਾ ਹਿੱਸਾ, ਜਿਸ ਵਿੱਚ ਉੱਪਰ ਦੇ 2 ਕਮਰੇ ਅਤੇ ਹੇਠਾਂ ਹਾਲ ਛੱਤ ਸਮੇਤ ਸ਼ਾਮਲ ਸੀ, ਪੂਰੀ ਤਰ੍ਹਾਂ ਢਹਿ ਗਿਆ।
ਬਚਾਅ ਰਿਹਾ ਕਿ ਉਸ ਵੇਲੇ ਪਰਿਵਾਰ ਘਰ ਦੇ ਅੱਗੇ ਵਾਲੇ ਹਿੱਸੇ ਵਿੱਚ ਸੀ ਅਤੇ ਸਭ ਦੀ ਜਾਨ ਬਚ ਗਈ। ਇਹ ਪੂਰਾ ਹਾਦਸਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ। ਇਸ ਘਟਨਾ ਤੋਂ ਬਾਅਦ ਗੁਆਂਢੀ ਘਰ ਵਿੱਚ ਰਹਿਣ ਵਾਲੇ ਲੋਕ ਵੀ ਡਰ ਦੇ ਸਾਏ ‘ਚ ਹਨ। ਸੁਖਵਿੰਦਰ ਸਿੰਘ, ਜੋ ਗੁਆਂਢ ‘ਚ ਰਹਿੰਦਾ ਹੈ, ਨੇ ਕਿਹਾ ਕਿ ਉਸਨੇ ਆਪਣੀਆਂ ਅੱਖਾਂ ਨਾਲ ਗੁਆਂਢੀ ਦਾ ਘਰ ਡਿੱਗਦੇ ਦੇਖਿਆ ਹੈ। ਉਸਨੂੰ ਡਰ ਹੈ ਕਿ ਉਸਦੇ ਘਰ ਨੂੰ ਵੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਲਾਕੇ ਦੇ ਘਰਾਂ ਦੀ ਸੁਰੱਖਿਆ ਦੀ ਜਾਂਚ ਕਰਵਾਏ।
- PTC NEWS