ਹੁਸ਼ਿਆਰਪੁਰ: 19ਵੀ ਏਸ਼ੀਆਈ ਖੇਡਾਂ ਵਿੱਚ ਪੰਜਾਬੀ ਮੁਟਿਆਰ ਨੇ ਮਾਰੀ ਬਾਜ਼ੀ, ਜਿੱਤਿਆ ਸਿਲਵਰ ਮੈਡਲ
ਹੁਸ਼ਿਆਰਪੁਰ: ਮਾਹਿਲਪੁਰ ਦੀ ਹੋਣਹਾਰ ਮੁਟਿਆਰ ਹਰਮਿਲਨ ਬੈਂਸ ਨੇ ਏਸ਼ੀਅਨ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਅਤੇ ਪੰਜਾਬ ਸੂਬੇ ਦਾ ਨਾਂ ਚਮਕਾਇਆ ਹੈ। ਜ਼ਿਕਰਯੋਗ ਹੈ ਕਿ ਉਹ ਓਲੰਪਿਕ ਖੇਡਾਂ ਵਿੱਚ ਜਾਣ ਤੋਂ ਇੱਕ ਸਕਿੰਟ ਦੇ ਚੌਥੇ ਭਾਗ ਕਰਕੇ ਰਹਿ ਗਈ ਸੀ। ਹੁਣ ਉਸ ਨੇ ਆਪਣੇ ਦਮ ਖਮ ਨਾਲ ਏਸ਼ੀਅਈ ਖੇਡਾਂ ਵਿੱਚ 1500 ਮੀਟਰ ਦੌੜ ਵਿੱਚ ਆਪਣੇ ਸਾਰੇ ਰਿਕਾਰਡ ਤੋੜਦਿਆਂ ਸਿਲਵਰ ਮੈਡਲ ਜਿੱਤ ਲਿਆ।

ਉਸਦੀਆਂ ਅੰਤਰਰਾਸ਼ਟਰੀ ਪ੍ਰਰਾਪਤੀਆਂ ਪਿੱਛੇ ਦਾਦੀ ਗੁਰਮੀਤ ਕੌਰ ਬੈਂਸ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਹਿਲਪੁਰ, ਮਾਤਾ ਅਰਜਨ ਅਵਾਰਡੀ ਮਾਧਰੀ ਏ ਸਿੰਘ ਅਤੇ ਪਿਤਾ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਦਾ ਵਿਸ਼ੇਸ਼ ਯੋਗਦਾਨ ਹੈ।
ਇਸ ਮੌਕੇ ਪਰਿਵਾਰ ਨੇ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਹਰਮਿਲਨ ਬੈਂਸ ਦੀ ਕਾਮਯਾਬੀ ਪਿੱਛੇ 10 ਸਾਲਾਂ ਦੀ ਮਿਹਨਤ ਹੈ ਅਤੇ ਦੋਆਬਾ ਪਬਲਿਕ ਸਕੂਲ ਮਾਹਿਲਪੁਰ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 21 ਸਾਲ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਮਾਂ ਦੇ ਨਕਸ਼ੇ ਕਦਮ 'ਤੇ ਚੱਲਕੇ ਦੁਬਾਰਾ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਹਾਸਿਲ ਕਰਨ ਦੇ ਨਾਲ ਦੇਸ਼ ਦੇ ਪ੍ਰਧਾਨਮੰਤਰੀ ਵਲੋਂ ਵਧਾਈ ਸੰਦੇਸ਼ ਦਿੱਤਾ ਗਿਆ, ਜਿਸਤੇ ਉਹ ਮਾਣ ਮਹਿਸੂਸ ਕਰਦੇ ਹਨ।
ਇਸ ਮੌਕੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਐਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਕੁਮਾਰ ਸਾਂਪਲਾ, ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ, ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ, ਜ਼ਿਲਾ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ,ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਬੱਗਾ ਸਿੰਘ ਆਰਟਿਸਟ, ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਸਮੇਤ ਇਲਾਕੇ ਦੀਆਂ ਖੇਡ ਸੰਸਥਾਵਾਂ ਦੇ ਨੁਮਾਇੰਦੇ ਅਤੇ ਖੇਡ ਪ੍ਰੇਮੀ ਖ਼ਾਸ ਤੌਰ 'ਤੇ ਪਹੁੰਚੇ।