Farmer Protest News : ਪਿੰਡ ਹਰੀ ਨੌ ਦੇ ਦੋ ਭਰਾਵਾਂ ਦੇ ਮੌਤ ਦੇ ਮਾਮਲਾ; ਧਰਨੇ ’ਚ ਸ਼ਾਮਲ ਹੋਏ ਕਿਸਾਨ ਆਗੂ ਡੱਲੇਵਾਲ ਨੇ ਬੈਂਕ ਅਧਿਕਾਰੀਆਂ ‘ਤੇ ਲਗਾਏ ਗੰਭੀਰ ਇਲਜ਼ਾਮ
ਇਸ ਧਰਨੇ ਵਿੱਚ ਅੱਜ ਵਿਸ਼ੇਸ਼ ਤੌਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਹੋਏ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।
Farmer Death News : ਅੰਮ੍ਰਿਤਸਰ ਦੇ ਪਿੰਡ ਹਰੀ ਨੌ ਵਿੱਚ ਦੋ ਸਕੇ ਭਰਾਵਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਬੀਕੇਯੂ ਏਕਤਾ ਸਿਧਪੁਰ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਤਿੱਖਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਪਦੀ ਗਰਮੀ ਅਤੇ 40 ਡਿਗਰੀ ਤਾਪਮਾਨ ਦੇ ਬਾਵਜੂਦ ਕਿਸਾਨ ਲਗਾਤਾਰ ਧਰਨੇ ‘ਤੇ ਡਟੇ ਹੋਏ ਹਨ। ਇਸ ਧਰਨੇ ਵਿੱਚ ਅੱਜ ਵਿਸ਼ੇਸ਼ ਤੌਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸ਼ਾਮਲ ਹੋਏ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਦੋ ਸਕੇ ਭਰਾਵਾਂ ਦੀ ਖੁਦਕੁਸ਼ੀ ਸਿਰਫ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਕਿਸਾਨ ਭਾਈਚਾਰੇ ਲਈ ਸ਼ਰਮਨਾਕ ਅਤੇ ਦੁੱਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਨੇ ਬੈਂਕ ਤੋਂ ਲਿਆ ਲੋਨ ਵਾਪਸ ਕਰ ਦਿੱਤਾ ਸੀ, ਜ਼ਮੀਨ ਵੀ ਵੇਚ ਦਿੱਤੀ ਸੀ, ਪਰ ਬੈਂਕ ਵੱਲੋਂ ਲਏ ਗਏ ਖਾਲੀ ਅਤੇ ਬਲੈਂਕ ਚੈਕ ਅਜੇ ਤੱਕ ਵਾਪਸ ਨਹੀਂ ਕੀਤੇ ਗਏ।
ਡੱਲੇਵਾਲ ਨੇ ਕਿਹਾ ਕਿ ਸਿਰਫ ਇਸ ਪਰਿਵਾਰ ਹੀ ਨਹੀਂ, ਸੈਂਕੜਿਆਂ ਅਤੇ ਹਜ਼ਾਰਾਂ ਕਿਸਾਨਾਂ ਦੇ ਬਲੈਂਕ ਚੈਕ ਬੈਂਕ ਕੋਲ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਨੋਟਿਸਾਂ ਅਤੇ ਧਮਕੀਆਂ ਰਾਹੀਂ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਤੰਗ-ਪਰੇਸ਼ਾਨੀ ਕਾਰਨ ਹਰੀ ਨੌ ਦੇ ਦੋਨੋਂ ਭਰਾਵਾਂ ਨੇ ਖੁਦਕੁਸ਼ੀ ਦਾ ਰਸਤਾ ਚੁਣਿਆ।
ਉਨ੍ਹਾਂ ਇੱਕ ਹੋਰ ਮਾਮਲੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕਤਰ ਕੌਰ ਨਾਮ ਦੀ ਲੜਕੀ ਨੇ ਆਪਣਾ ਲੋਨ 2025 ਵਿੱਚ ਪੂਰੀ ਤਰ੍ਹਾਂ ਕਲੀਅਰ ਕਰ ਦਿੱਤਾ ਸੀ ਅਤੇ ਉਸਨੂੰ ਕਲੀਅਰੈਂਸ ਸਰਟੀਫਿਕੇਟ ਵੀ ਮਿਲ ਚੁੱਕਾ ਸੀ, ਪਰ ਇਸ ਦੇ ਬਾਵਜੂਦ ਉਸਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਡੱਲੇਵਾਲ ਨੇ ਕਿਹਾ ਕਿ ਜੇਕਰ ਉਹ ਲੜਕੀ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਨਾ ਕਰਦੀ ਤਾਂ ਸ਼ਾਇਦ ਉਹ ਵੀ ਮਾਨਸਿਕ ਤਣਾਅ ਕਾਰਨ ਕੋਈ ਗਲਤ ਕਦਮ ਚੁੱਕ ਲੈਂਦੀ।
ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਬੈਂਕ ਅੰਦਰ ਗੁੰਡਾਗਰਦੀ ਅਤੇ ਧੱਕੇਸ਼ਾਹੀ ਦਾ ਮਾਹੌਲ ਬਣਾਇਆ ਗਿਆ ਹੈ ਅਤੇ ਕਿਸਾਨਾਂ ਤੋਂ ਵਸੂਲੀ ਲਈ ਗਲਤ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਜੇ ਜਾਂਚ ਹੋਈ ਤਾਂ ਬੈਂਕ ਦਾ ਕਾਫੀ ਸਟਾਫ ਜੇਲ੍ਹ ਜਾ ਸਕਦਾ ਹੈ।
ਡੱਲੇਵਾਲ ਨੇ ਕਿਹਾ ਕਿ ਫਰੀਦਕੋਟ, ਸੰਗਰੂਰ, ਮੁਕਤਸਰ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਧਰਨੇ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਟੈਂਟ ਤੱਕ ਨਹੀਂ ਲਗਾਉਣ ਦਿੱਤੇ ਅਤੇ ਤਿੱਖੀ ਗਰਮੀ ਵਿੱਚ ਖੁੱਲ੍ਹੇ ਅਸਮਾਨ ਹੇਠ ਬੈਠਣ ਲਈ ਮਜਬੂਰ ਕੀਤਾ ਗਿਆ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ, ਬਲੈਂਕ ਚੈਕ ਵਾਪਸ ਨਹੀਂ ਕੀਤੇ ਜਾਂਦੇ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ : Punjab Debt News : ਕਰਜ਼ੇ ਦੀ ਦਲਦਲ 'ਚ ਪੰਜਾਬ ! ਪੰਜਾਬ ਸਰਕਾਰ ਨੇ ਮੁੜ ਲਿਆ 2500 ਕਰੋੜ ਰੁਪਏ ਦਾ ਕਰਜ਼