ਸਿੱਖ ਧਾਰਮਿਕ ਮਾਮਲਿਆਂ 'ਚ ਦਖਲ, ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

By  Jasmeet Singh February 9th 2024 06:28 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਅਪੀਲ ਕੀਤੀ ਕਿ ਉਹ ਫੌਰੀ ਅਤੇ ਤੁਰੰਤ ਨਿੱਜੀ ਦਖਲ ਦੇ ਕੇ ਮਹਾਰਾਸ਼ਟਰ ਸਰਕਾਰ (Maharashtar Government) ਨੂੰ ਸਿੱਖਾਂ ਲਈ ਬੇਹੱਦ ਭਾਵੁਕ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਰੋਕਣ।

ਇਹ ਵੀ ਪੜ੍ਹੋ:

ਭੜਕਾਊ ਤੇ ਬੇਸ਼ਰਮੀ ਭਰੀ ਦਖਲਅੰਦਾਜ਼ੀ ਵੱਲ ਧਿਆਨ ਦੁਆਉਂਦਿਆਂ ਕਿਹਾ....

ਅਕਾਲੀ ਦਲ ਪ੍ਰਧਾਨ ਨੇ ਅੱਜ ਦੁਪਹਿਰ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਬਚਲ ਨਗਰ ਸਾਹਿਬ (ਮਹਾਰਾਸ਼ਟਰ) ਬੋਰਡ ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਹਜ਼ੂਰ ਸਾਹਿਬ ਅਬਲ ਨਗਰ ਸਾਹਿਬ ਐਕਟ 1956 ਵਿਚ ਸੋਧ ਕਰ ਕੇ ਭੜਕਾਊ ਤੇ ਬੇਸ਼ਰਮੀ ਭਰੀ ਦਖਲਅੰਦਾਜ਼ੀ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਇਹ ਸੋਧ ਸ੍ਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮੌਜੂਦਾ ਸ਼ਿਵ ਸੈਨਾ ਸਰਕਾਰ ਨੇ ਤਿਆਰ ਕੀਤੀ, ਜਿਸਨੂੰ 4 ਫਰਵਰੀ ਨੂੰ ਸੂਬਾ ਵਿਧਾਨ ਸਭਾ ਨੇ ਫੌਰੀ ਪਾਸ ਕਰ ਦਿੱਤਾ।

ਆਪਣੇ ਪੱਤਰ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਕਟ ਵਿਚ ਕੀਤੀ ਨਵੀਂ ਸੋਧ (2024) ਮੁਤਾਬਕ ਸਰਕਾਰ ਪ੍ਰਤੀਨਿਧਾਂ ਦੀ ਗਿਣਤੀ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਮੈਂਬਰਾਂ ਦੀ ਗਿਣਤੀ 50 ਫੀਸਦੀ ਘਟਾ ਕੇ 4 ਤੋਂ 2 ਕਰ ਦਿੱਤੀ ਗਈ ਹੈ। ਇਸੇ ਤਰੀਕੇ ਚੀਫ ਖਾਲਸਾ ਦੀਵਾਨ ਅਤੇ ਹਜ਼ੂਰੀ ਖਾਲਸਾ ਦੀਵਾਨ ਦੇ ਪ੍ਰਤੀਨਿਧ ਬੋਰਡ ਵਿਚੋਂ ਬਿਲਕੁਲ ਹਟਾ ਦਿੱਤੇ ਗਏ ਹਨ।

'ਸਿੱਖਾਂ ਨੂੰ ਬਹੁਤ ਤਕਲੀਫ ਤੇ ਪੀੜਾ ਹੋਈ'

ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਇਹਨਾਂ ਦੋ ਇਤਿਹਾਸਕ ਤੇ ਸਿੱਖਾਂ ਦੀਆਂ ਪ੍ਰਤੀਨਿਧ ਜਮਾਤਾਂ ਦਾ ਹੁਣ ਗੁਰਧਾਮਾਂ ਦੀ ਸੰਭਾਲ ਵਿੱਚ ਲੱਗੇ ਬੋਰਡ ਵਿੱਚ ਕੋਈ ਪ੍ਰਤੀਨਿਧ ਨਹੀਂ ਰਹਿ ਗਿਆ। ਬਾਦਲ ਨੇ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਬਹੁਤ ਤਕਲੀਫ ਤੇ ਪੀੜਾ ਹੋਈ ਹੈ ਤੇ ਦੇਸ਼ਭਗਤ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਹੈ। ਜਦੋਂ ਕਿ ਸਿੱਖ ਕੌਮ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇਸਦੀ ਆਂ ਸਰਹੱਦਾਂ ਦੀ ਰਾਖੀ ਵਿੱਚ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਉਂਦੀ ਰਹੀ ਹੈ।

ਉਹਨਾਂ ਕਿਹਾ ਕਿ ਸਾਨੂੰ ਆਪਣੀ ਦੇਸ਼ਭਗਤ ਸੋਚ ’ਤੇ ਮਾਣ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਦੇਸ਼ ਦੇ ਲੋਕ ਅਤੇ ਸਰਕਾਰਾਂ ਇਸਨੂੰ ਸਮਝਦਿਆਂ ਇਸਦਾ ਸਤਿਕਾਰ ਕਰਨਗੀਆਂ। ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਆਜ਼ਾਦੀ ਮਗਰੋਂ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਗਏ ਇਕਰਾਰਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਦੇ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ ਤੇ ਕਿਸੇ ਵੀ ਤਜਵੀਜ਼ ਵਾਸਤੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਦੋ ਤਿਹਾਈ ਬਹੁਮਤ ਨਾਲ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ।

ਉਹਨਾਂ ਦੱਸਿਆ ਕਿ ਸਿੱਖ ਕੌਮ ਨੂੰ ਆਸ ਸੀ ਕਿ ਕੇਂਦਰ ਤੇ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਦੇ ਬਦਲਣ ਨਾਲ ਦੇਸ਼ਭਗਤ ਸਿੱਖ ਕੌਮ ਨੂੰ ਨਿਆਂ ਮਿਲੇਗਾ ਤੇ ਇਸਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਬੰਦ ਹੋਵੇਗਾ। ਉਹਨਾਂ ਕਿਹਾ ਕਿ ਇਹ ਆਸ ਹਾਲੇ ਤੱਕ ਪੂਰੀ ਨਹੀਂ ਹੋਈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਿੱਧਾ ਦਖਲ ਦੇ ਕੇ ਮਸਲਾ ਹੱਲ ਕਰਵਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:

Related Post