ਅੰਤਰਰਾਸ਼ਟਰੀ ਮੀਡੀਆ ਦਾ ਦਾਅਵਾ; ਪਾਕਿਸਤਾਨ ਚ ਚੁਣ ਕੇ ਅੱਤਵਾਦੀਆਂ ਨੂੰ ਮਾਰ ਰਿਹਾ ਭਾਰਤ, ਸਰਕਾਰ ਨੇ ਕਹੀ ਇਹ ਗੱਲ

By  KRISHAN KUMAR SHARMA April 5th 2024 02:39 PM

ਬ੍ਰਿਟਿਸ਼ ਅਖਬਾਰ 'ਦ ਗਾਰਜੀਅਨ' ਨੇ ਭਾਰਤ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਦਾਅਵਾ ਕੀਤਾ ਹੈ। ਅਖ਼ਬਾਰ ਦੀ ਰਿਪੋਰਟ ਅਨੁਸਾਰ ਭਾਰਤ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰ ਰਿਹਾ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ। ਭਾਰਤ ਸਰਕਾਰ (Indian Government) ਨੇ ਵਿਦੇਸ਼ੀ ਧਰਤੀ 'ਤੇ ਰਹਿ ਰਹੇ ਅੱਤਵਾਦੀਆਂ (Terrorist) ਨੂੰ ਖਤਮ ਕਰਨ ਲਈ ਵਿਆਪਕ ਰਣਨੀਤੀ ਬਣਾਈ ਹੈ। ਇਸ ਰਣਨੀਤੀ ਤਹਿਤ ਹੀ ਪਾਕਿਸਤਾਨ (Pakistan) ਵਿਚ ਇਕ ਗੁਪਤ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਖੁਫੀਆ ਅਧਿਕਾਰੀਆਂ ਦਾ ਦਾਅਵਾ ਹੈ ਕਿ 2020 ਤੋਂ ਹੁਣ ਤੱਕ 20 ਕਤਲ ਹੋ ਚੁੱਕੇ ਹਨ। ਉਧਰ, ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਰਿਪੋਰਟ 'ਚ ਦੋਵਾਂ ਦੇਸ਼ਾਂ ਦੇ ਖੁਫੀਆ ਅਧਿਕਾਰੀਆਂ ਨਾਲ ਮੁਲਾਕਾਤਾਂ ਅਤੇ ਪਾਕਿਸਤਾਨੀ ਜਾਂਚਕਰਤਾਵਾਂ ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਦਾ ਜ਼ਿਕਰ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (Raw) ਨੇ 2019 (ਪੁਲਵਾਮਾ ਹਮਲੇ ਦੀ ਘਟਨਾ) ਤੋਂ ਬਾਅਦ ਰਾਸ਼ਟਰੀ ਸੁਰੱਖਿਆ ਲਈ ਇਕ ਦਲੇਰਾਨਾ ਪਹੁੰਚ ਅਪਣਾਈ ਅਤੇ ਕਥਿਤ ਤੌਰ 'ਤੇ ਵਿਦੇਸ਼ਾਂ ਵਿਚ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਲਈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

'ਰਾਅ' 'ਤੇ ਸਿੱਧਾ ਪ੍ਰਧਾਨ ਮੰਤਰੀ ਦਫਤਰ ਦਾ ਕੰਟਰੋਲ

ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਖੁਫੀਆ ਏਜੰਸੀ ਰਾਅ 'ਤੇ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਦਾ ਕੰਟਰੋਲ ਹੈ। ਦਿੱਲੀ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ, ਜਿਨ੍ਹਾਂ ਨੂੰ ਉਹ ਭਾਰਤ ਦਾ ਦੁਸ਼ਮਣ ਮੰਨਦੀ ਹੈ। ਇਸਤੋਂ ਪਹਿਲਾਂ ਵਾਸ਼ਿੰਗਟਨ (ਅਮਰੀਕਾ) ਅਤੇ ਓਟਾਵਾ (ਕੈਨੇਡਾ) ਨੇ ਵੀ ਭਾਰਤ 'ਤੇ ਅਜਿਹੇ ਹੀ ਦੋਸ਼ ਲਗਾਏ ਸਨ। ਕੈਨੇਡਾ ਨੇ ਉਸ 'ਤੇ ਇਕ ਅੱਤਵਾਦੀ ਅਤੇ ਹੋਰਾਂ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਇਸ 'ਚ ਭਾਰਤ ਦੀ ਭੂਮਿਕਾ 'ਤੇ ਸਵਾਲ ਉਠਾਏ ਗਏ ਸਨ। ਇਸੇ ਤਰ੍ਹਾਂ ਪਿਛਲੇ ਸਾਲ ਅਮਰੀਕਾ ਨੇ ਵੀ ਉਸ 'ਤੇ ਇਕ ਹੋਰ ਅੱਤਵਾਦੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ।

ਭਾਰਤ ਦੀ ਕਾਰਵਾਈ 'ਚ 2020 ਤੋਂ ਬਾਅਦ 20 ਲੋਕ ਮਾਰੇ ਗਏ: ਰਿਪੋਰਟ

ਤਾਜ਼ਾ ਦਾਅਵੇ ਵਿੱਚ ਕਿਹਾ ਗਿਆ ਹੈ ਕਿ 2020 ਤੋਂ ਭਾਰਤ ਨੇ ਪਾਕਿਸਤਾਨ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਅਤੇ ਹੁਣ ਤੱਕ ਲਗਭਗ 20 ਲੋਕ ਮਾਰੇ ਜਾ ਚੁੱਕੇ ਹਨ। ਇਸਤੋਂ ਪਹਿਲਾਂ ਵੀ ਭਾਰਤ ਨੂੰ ਇਨ੍ਹਾਂ ਹੱਤਿਆਵਾਂ ਨਾਲ ਗੈਰ-ਰਸਮੀ ਤੌਰ 'ਤੇ ਜੋੜਿਆ ਗਿਆ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਖੁਫੀਆ ਕਰਮਚਾਰੀਆਂ ਨੇ ਪਾਕਿਸਤਾਨ ਵਿਚ ਕਥਿਤ ਕਾਰਵਾਈਆਂ ਬਾਰੇ ਚਰਚਾ ਕੀਤੀ ਹੈ। ਬ੍ਰਿਟਿਸ਼ ਅਖਬਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਤਲਾਂ 'ਚ ਰਾਅ ਦੀ ਸਿੱਧੀ ਭੂਮਿਕਾ ਨਾਲ ਜੁੜੇ ਦਸਤਾਵੇਜ਼ ਵੀ ਦੇਖੇ ਗਏ ਹਨ।

Related Post