IPL 2024: CSK ਦਾ ਵੱਡਾ ਫੈਸਲਾ, ਧੋਨੀ ਦੀ ਥਾਂ ਰੁਤੂਰਾਜ ਗਾਇਕਵਾੜ ਨੂੰ ਬਣਾਇਆ ਕਪਤਾਨ

By  KRISHAN KUMAR SHARMA March 21st 2024 04:50 PM -- Updated: March 21st 2024 05:17 PM

IPL 2024 season 17th: ਆਈਪੀਐਲ 2024 ਦੀ ਸ਼ੁਰੂਆਤ ਤੋਂ ਐਨ ਪਹਿਲਾਂ ਚੇਨਈ ਸੁਪਰਕਿੰਗਜ਼ ਨੇ ਵੱਡਾ ਫੈਸਲਾ ਕੀਤਾ ਹੈ। ਟੀਮ ਨੇ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੂੰ 17ਵੇਂ ਸੀਜ਼ਨ ਲਈ ਨਵਾਂ ਕਪਤਾਨ ਬਣਾਇਆ ਹੈ। ਗਾਇਕਵਾੜ ਨੂੰ ਮਹਿੰਦਰ ਸਿੰਘ ਧੋਨੀ ਦੀ ਥਾਂ ਟੀਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਟੀਮ ਨੇ ਕੀ ਕਿਹਾ

ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਐਕਸ 'ਤੇ ਚੇਨਈ ਸੁਪਰਕਿੰਗਜ਼ ਵੱਲੋਂ ਕਿਹਾ ਗਿਆ, ''MS ਧੋਨੀ ਨੇ IPL 2024 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਰੁਤੂਰਾਜ ਗਾਇਕਵਾੜ ਨੂੰ ਸੌਂਪ ਦਿੱਤੀ ਹੈ। ਰੁਤੂਰਾਜ 2019 ਤੋਂ ਚੇਨਈ ਸੁਪਰ ਕਿੰਗਜ਼ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਉਸਨੇ IPL ਵਿੱਚ 52 ਮੈਚ ਖੇਡੇ ਹਨ।''

ਗਾਇਕਵਾੜ ਨੂੰ ਕਪਤਾਨੀ ਸੌਂਪਣ ਪਿੱਛੇ ਮਹਿੰਦਰ ਸਿੰਘ ਧੋਨੀ ਦੇ ਆਖਰੀ ਸੀਜਨ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ। ਧੋਨੀ ਜੁਲਾਈ ਨੂੰ ਹੁਣ 43 ਸਾਲ ਦੇ ਹੋ ਜਾਣਗੇ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਆਈਪੀਐਲ ਹੋ ਸਕਦਾ ਹੈ। ਦੱਸ ਦਈਏ ਕਿ 2023 'ਚ ਸੱਟ ਲੱਗਣ ਦੇ ਬਾਵਜੂਦ ਧੋਨੀ ਆਈਪੀਐਲ ਖੇਡੇ ਸਨ। ਇਸ ਦੌਰਾਨ ਉਸ ਦੀ ਸੱਟ ਦਾ ਅਸਰ ਚੱਲਣ ਸਮੇਂ ਸਾਫ ਦੇਖਿਆ ਜਾ ਸਕਦਾ ਸੀ। ਹਾਲਾਂਕਿ ਸੀਜ਼ਨ ਖਤਮ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਮੁੰਬਈ ਵਿੱਚ ਸਰਜਰੀ ਕਰਵਾ ਲਈ ਸੀ।

ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਮਹਾਨ ਕਪਤਾਨ ਹਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ 2007 ਟੀ-20 ਵਿਸ਼ਵ ਕੱਪ, 2011 ਵਨਡੇ ਵਿਸ਼ਵ ਕੱਪ ਅਤੇ ਇੱਕ ਚੈਂਪੀਅਨਜ਼ ਟਰਾਫੀ ਜਿੱਤਣ ਦੇ ਨਾਲ-ਨਾਲ ਪਹਿਲੀ ਵਾਰ ਆਈਸੀਸੀ ਟੈਸਟ ਰੈਂਕਿੰਗ ਦੇ ਸਿਖਰ 'ਤੇ ਪਹੁੰਚਿਆ।

ਇਸਤੋਂ ਪਹਿਲਾਂ ਟੀਮ ਨੇ 2022 'ਚ ਰਵਿੰਦਰ ਜਡੇਜਾ ਨੂੰ ਵੀ ਕਪਤਾਨੀ ਸੌਂਪੀ ਸੀ, ਪਰ ਲਗਾਤਾਰ ਮੈਚਾਂ ਵਿੱਚ ਹਾਰ ਕਾਰਨ ਜਡੇਜਾ ਨੇ ਕਪਤਾਨੀ ਛੱਡ ਦਿੱਤੀ ਸੀ ਅਤੇ ਮੁੜ ਧੋਨੀ ਨੂੰ ਟੀਮ ਦੀ ਅਗਵਾਈ ਕਰਨ ਲਈ ਅੱਗੇ ਆਉਣਾ ਪਿਆ ਸੀ। ਆਈਪੀਐਲ ਦੀ ਸ਼ੁਰੂਆਤ ਤੋਂ ਲੈ ਕੇ ਧੋਨੀ ਨੇ ਹੁਣ ਤੱਕ ਦੇ ਆਪਣੇ ਮੈਚਾਂ 249 ਵਿੱਚੋਂ 235 ਮੈਚਾਂ ਵਿੱਚ ਸੀਐਸਕੇ ਦੀ ਕਪਤਾਨੀ ਕੀਤੀ ਹੈ। ਧੋਨੀ ਨੇ 2016 ਅਤੇ 2017 ਵਿੱਚ CSK 'ਤੇ IPL ਤੋਂ ਦੋ ਸਾਲਾਂ ਦੀ ਪਾਬੰਦੀ ਦੌਰਾਨ 14 ਮੈਚਾਂ ਲਈ ਰਾਈਜ਼ਿੰਗ ਪੁਣੇ ਸੁਪਰਜਾਇੰਟ ਦੀ ਕਪਤਾਨੀ ਵੀ ਕੀਤੀ।

ਜਾਣੋ ਕੌਣ ਹੈ ਗਾਇਕਵਾੜ

27 ਸਾਲਾ ਰੁਤੂਰਾਜ ਨੇ 2020 ਵਿੱਚ ਆਈਪੀਐਲ ਵਿੱਚ ਸ਼ੁਰੂਆਤ ਕੀਤੀ ਸੀ ਅਤੇ ਆਪਣਾ ਦਮਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ CSK ਨੇ 2022 ਐਡੀਸ਼ਨ ਵਿੱਚ 6 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਸੀ। ਰੁਤੂਰਾਜ 2019 ਤੋਂ ਚੇਨਈ ਸੁਪਰ ਕਿੰਗਜ਼ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਇਸ ਸਮੇਂ ਦੌਰਾਨ IPL ਵਿੱਚ 52 ਮੈਚ ਖੇਡੇ ਹਨ। ਉਸ ਨੇ ਪਿਛਲੇ ਸਾਲ 16 ਮੈਚਾਂ ਵਿੱਚ 147.50 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 590 ਦੌੜਾਂ ਬਣਾਈਆਂ ਸਨ। ਇਸਤੋਂ ਇਲਾਵਾ ਗਾਇਕਵਾੜ ਨੇ ਭਾਰਤ ਲਈ 6 ਵਨਡੇ ਅਤੇ 19 ਟੀ-20 ਖੇਡੇ ਹਨ।

Related Post