CM ਰਾਹਤ ਫੰਡ ਲਈ 3 ਮਹੀਨਿਆਂ ਦੀ ਪੈਨਸ਼ਨ ਦੇਣਗੇ ਸਾਬਕਾ ਡੀ.ਆਈ.ਜੀ; ਹੋਰ ਅਧਿਕਾਰੀਆਂ ਨੂੰ ਵੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦੀ ਕੀਤੀ ਅਪੀਲ

By  Jasmeet Singh July 16th 2023 12:39 PM -- Updated: July 16th 2023 12:40 PM

ਚੰਡੀਗੜ੍ਹ:  ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਪੰਜਾਬ ਦੇ ਪਿੰਡਾਂ ਲਈ ਜਿੱਥੇ ਕਈ ਸਮਾਜਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਾਬਕਾ ਕਰਮਚਾਰੀ ਵੀ ਆਪਣਾ ਫ਼ਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਸਾਬਕਾ ਡੀ.ਆਈ.ਜੀ ਅਤੇ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ  ਦੇ ਸਾਬਕਾ ਪ੍ਰਧਾਨ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵੀ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਤਿੰਨ ਮਹੀਨਿਆਂ ਦੀ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।

ਹਰਿੰਦਰ ਸਿੰਘ ਚਾਹਲ ਵਲੋਂ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਔਕੜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਆਈ.ਪੀ.ਐਸ. ਚਾਹਲ ਨੇ ਪੰਜਾਬ ਸਰਕਾਰ ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿਚ ਪੀੜਤ ਪ੍ਰਵਾਰਾਂ ਲਈ ਅੱਗੇ ਆਉਣ ਅਤੇ ਘੱਟੋ-ਘੱਟ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕਰਨ। 

ਦੱਸ ਦੇਈਏ ਕਿ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵਲੋਂ ਆਪਣੇ ‘ਕੋਸਿਸ਼ ਚਹਿਲ ਚੈਰੀਟੇਬਲ ਟਰੱਸਟ’ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਉਹ ਪੰਜਾਬ, ਜੰਮੂ-ਕਸ਼ਮੀਰ ਜਾਂ ਭਾਰਤ ਦੇ ਹੋਰ ਹਿੱਸਿਆਂ ਵਿਚ ਕੁਦਰਤੀ ਆਫ਼ਤ ਦੀ ਲਪੇਟ ਵਿਚ ਆਏ ਲੋਕਾਂ ਦੀ ਮਦਦ ਕਰ ਚੁੱਕੇ ਹਨ।

- ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ 

Related Post