Jagtar Harara Video : ਜਗਤਾਰ ਸਿੰਘ ਹਵਾਰਾ ਦੀ ਜੇਲ ਚੋਂ ਪਹਿਲੀ ਵਾਰ ਆਈ Video, ਕੌਮੀ ਇਨਸਾਫ਼ ਮੋਰਚੇ ਨੂੰ ਲੈ ਕੇ ਕੀਤੀ ਵੱਡੀ ਅਪੀਲ
Jagtar Singh Hawara Video : ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ਼ ਮੋਰਚਾ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤ ਨੂੰ ਰੋਸ ਮਾਰਚ ਸ਼ਾਂਤਮਈ ਰਹਿ ਕੇ ਨੇਪਰ੍ਹੇ ਚੜ੍ਹਾਉਣ ਦੀ ਅਪੀਲ ਕੀਤੀ ਹੈ।
Jagtar Singh Hawara Video : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੇ ਕੌਮੀ ਇਨਸਾਫ਼ ਮੋਰਚਾ ਦੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤ ਨੂੰ ਰੋਸ ਮਾਰਚ ਸ਼ਾਂਤਮਈ ਰਹਿ ਕੇ ਨੇਪਰ੍ਹੇ ਚੜ੍ਹਾਉਣ ਦੀ ਅਪੀਲ ਕੀਤੀ ਹੈ।
ਹਵਾਰਾ ਨੇ ਕਿਹਾ ਕਿ ਮੁਹਾਲੀ-ਚੰਡੀਗੜ੍ਹ ਸਰਹੱਦ 'ਤੇ ਜੋ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਹੈ ਅਤੇ ਕੱਲ ਇਸ ਮੋਰਚੇ ਵੱਲੋਂ ਜੋ ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਵਿੱਚ ਕੁੱਝ ਗਲਤ ਹੋ ਸਕਦਾ ਹੈ।
ਹਵਾਰਾ ਨੇ ਖਦਸ਼ਾ ਜਤਾਉਂਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਰੋਸ ਮਾਰਚ ਵਿੱਚ ਕੋਈ ਗਲਤ ਅਨਸਰ ਵੜ ਕੇ ਕੋਈ ਅਜਿਹੀ ਹਰਕਤ ਨਾ ਕਰੇ ਜਾਂ ਕੋਈ ਹੋ-ਹੱਲਾ ਨਾ ਕਰੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਪੂਰੀ ਤਰ੍ਹਾਂ ਚੌਕਸੀ ਵਰਤੇ ਅਤੇ ਜ਼ਿੰਮੇਵਾਰੀ ਨਿਭਾਉਣ।
ਸੰਗਤ ਤੇ ਸਿੱਖ ਨੌਜਵਾਨਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਉਨ੍ਹਾਂ ਕਿਹਾ ਕਿ ਸਾਰੀ ਸੰਗਤ ਨੂੰ ਅਪੀਲ ਹੈ ਕਿ ਇਹ ਰੋਸ ਮਾਰਚ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਨੇਪਰ੍ਹੇ ਚੜਾਇਆ ਜਾਵੇ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਕਿ ਉਹ ਮੋਰਚੇ ਦੇ ਵਲੰਟੀਅਰ ਬਣ ਕੇ ਇਹ ਜ਼ਿੰਮੇਵਾਰ ਨਿਭਾਉਣ ਕਿ ਕੋਈ ਵੀ ਵਿਅਕਤੀ ਹਿੰਸਕ ਨਾ ਹੋਵੇ ਅਤੇ ਨਾ ਹੀ ਕਿਸੇ ਨੂੰ ਹਿੰਸਕ ਹੋਣ ਦਿੱਤਾ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਮੋਰਚੇ ਦੇ ਆਗੂ ਜੋ ਵੀ ਉਨ੍ਹਾਂ ਨੂੰ ਆਦੇਸ਼ ਦੇਣ, ਉਸ ਨੂੰ ਸਿਰ ਮੱਥੇ ਮੰਨ ਕੇ ਨਿਭਾਉਣ। ਉਨ੍ਹਾਂ ਕਿਹਾ ਕਿ ਮੋਰਚਾ ਬਿਲਕੁਲ ਸਹੀ ਦਿਸ਼ਾ ਵਿੱਚ ਵੱਧ ਰਿਹਾ ਹੈ ਅਤੇ ਵਾਹਿਗੁਰੂ ਜੀ ਕਿਰਪਾ ਨਾਲ ਫਤਿਹ ਹੋਵੇਗਾ।
ਹਾਈਕੋਰਟ 'ਚ ਵੀ ਜਤਾਇਆ ਗਿਆ ਸੀ ਖਦਸ਼ਾ
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 15 ਅਗਸਤ ਨੂੰ ਰੋਸ ਮਾਰਚ ਕੱਢਣ ਅਤੇ ਰਾਜ ਭਵਨ ਦਾ ਘਿਰਾਓ ਕਰਨ ਦੇ ਐਲਾਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਰਾਜ ਭਵਨ ਦੇ ਘਿਰਾਓ ਖ਼ਿਲਾਫ਼ ਦਾਇਰ ਪਟੀਸ਼ਨ ਵਿੱਚ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ।
ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਅਧਿਕਾਰ ਹੈ। ਹਾਲਾਂਕਿ ਅਦਾਲਤ ਨੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਪ੍ਰਦਰਸ਼ਨ ਦੌਰਾਨ ਕਾਨੂੰਨ-ਵਿਵਸਥਾ ਭੰਗ ਨਾ ਹੋਵੇ ਅਤੇ ਜਨਤਕ ਜਾਇਦਾਦ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।
ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਮੋਰਚੇ ਨੇ 15 ਅਗਸਤ ਨੂੰ ਰੋਸ ਮਾਰਚ ਤੋਂ ਬਾਅਦ ਰਾਜ ਭਵਨ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ।