Gurbani Telecast ’ਤੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ; ਕਿਹਾ- ਗੁਰਬਾਣੀ ਪ੍ਰਸਾਰਨ ਦਾ ਅਧਿਕਾਰ SGPC ਕੋਲ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਸਬੰਧੀ ਕਿਸੇ ਵੀ ਚੈਨਲ ਜਾਂ ਸੰਸਥਾ ਨੂੰ ਆਪਣੀ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

By  Aarti August 11th 2026 12:54 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ ਦੇ ਲਾਈਵ ਪ੍ਰਸਾਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਉੱਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਸਬੰਧੀ ਕਿਸੇ ਵੀ ਚੈਨਲ ਜਾਂ ਸੰਸਥਾ ਨੂੰ ਆਪਣੀ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸਾਰਨ ਦੇ ਸਾਰੇ ਪ੍ਰਬੰਧ ਅਤੇ ਫੈਸਲੇ ਲੈਣ ਦਾ ਏਕਾਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਕੋਲ ਹੈ, ਜੋ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਹੈ।

ਗੁਰਬਾਣੀ ਪ੍ਰਸਾਰਨ ਦਾ ਅਧਿਕਾਰ SGPC ਕੋਲ- ਜਥੇਦਾਰ ਸਾਹਿਬ

ਜਥੇਦਾਰ ਸਾਹਿਬ ਨੇ ਆਖਿਆ ਕਿ ਗੁਰਬਾਣੀ ਸਰਬ-ਸਾਂਝੀ ਹੈ, ਪਰ ਇਸ ਦੇ ਪ੍ਰਬੰਧ, ਮਰਿਯਾਦਾ ਅਤੇ ਸਤਿਕਾਰ ਦੀ ਜ਼ਿੰਮੇਵਾਰੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਹੈ। ਜੇਕਰ ਕੋਈ ਚੈਨਲ ਗੁਰਬਾਣੀ ਦਾ ਪ੍ਰਸਾਰਨ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਤੋਂ ਪੂਰਨ ਇਜਾਜ਼ਤ ਲੈਣੀ ਪਵੇਗੀ। ਕਿਸੇ ਵੀ ਧਿਰ ਵਲੋਂ ਧੱਕੇ ਨਾਲ ਜਾਂ ਬਿਨਾਂ ਮਨਜ਼ੂਰੀ ਤੋਂ ਪ੍ਰਸਾਰਨ ਚਲਾਉਣਾ ਬਿਲਕੁਲ ਗਲਤ ਹੈ।

'ਮਨਮਰਜ਼ੀ ਨਾਲ ਕਿਸੇ ਵੀ ਚੈਨਲ 'ਤੇ ਨਹੀਂ ਕੀਤਾ ਜਾ ਸਕਦਾ ਗੁਰਬਾਣੀ ਦਾ ਪ੍ਰਸਾਰਨ'

ਇਸ ਦੇ ਨਾਲ ਹੀ, ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਧਿਕਾਰਤ ਚੈਨਲ ਨੂੰ ਜਲਦ ਸ਼ੁਰੂ ਕਰਨ ਬਾਰੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਕੋਲ ਮਨਜ਼ੂਰੀ ਲਈ ਮਾਮਲਾ ਭੇਜਿਆ ਗਿਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਸ ਚੈਨਲ ਲਈ ਹਰੀ ਝੰਡੀ ਦੇਵੇ।  

ਬੰਦੀ ਸਿੰਘਾਂ ਦੀ ਰਿਹਾਈ ਅਤੇ ਪਰੋਲ ਦੇ ਗੰਭੀਰ ਮੁੱਦੇ ’ਤੇ ਵੀ ਬੋਲੇ ਜਥੇਦਾਰ ਸਾਹਿਬ

ਇਸ ਮੌਕੇ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਪਰੋਲ ਦੇ ਗੰਭੀਰ ਮੁੱਦੇ ਉੱਤੇ ਵੀ ਗੱਲਬਾਤ ਕੀਤੀ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਨਾਲ ਮਿਲਣ ਲਈ ਪਰੋਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁੱਤਰ ਦਾ ਆਪਣੀ ਮਾਂ ਨੂੰ ਮਿਲਣਾ ਇੱਕ ਮਨੁੱਖੀ ਅਧਿਕਾਰ ਹੈ। ਜਥੇਦਾਰ ਨੇ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਸਰਕਾਰਾਂ ਵਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਸਮੁੱਚੇ ਪੰਥ ਨੂੰ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ  : ਫਤਿਹਗੜ੍ਹ ਚੂੜੀਆਂ-ਸੰਗਤਪੁਰਾ ਰੋਡ ‘ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ

Related Post