ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਦੇ ਨਾਂਅ ਜਾਰੀ ਕੀਤਾ ਸੁਨੇਹਾ

First Parkash Purb of Sri Guru Granth Sahib Ji : ਸਿੱਖ ਸੰਗਤ ਨੂੰ ਵਿਸ਼ੇਸ਼ ਅਪੀਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਬਾਣੀ ਅਨੁਸਾਰ ਸਾਰਾ ਜੱਗ ਇਕ ਹੈ ਅਤੇ ਸਿੱਖ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਰੂਪ ਦੇਖਦਿਆਂ ਕਿਸੇ ਨਾਲ ਨਫ਼ਰਤ, ਵਿਤਕਰਾ ਜਾਂ ਦਵੇਸ਼ ਨਹੀਂ ਕਰਦੇ।

By  KRISHAN KUMAR SHARMA August 24th 2025 07:49 PM

First Parkash Purb of Sri Guru Granth Sahib Ji : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਆਪਣੇ ਸੁਨੇਹੇ ਵਿੱਚ ਸਮੂਹ ਸਿੱਖ ਸੰਗਤ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਤੇ ਉੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਮ ਉੱਤੇ ਵਿਸ਼ੇਸ਼ ਅਪੀਲ ਜਾਰੀ ਕੀਤੀ।

ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਅਧਿਕਾਰਤ ਸੁਨੇਹੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾਂ ਦੇ ਕੋਲ ਗਏ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ। ਉੱਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਦੱਸਿਆ ਕਿ ਸ਼ਬਦ ਸਾਡਾ ਗੁਰੂ ਹੈ ਅਤੇ ਉਸ ਵਿੱਚ ਸੁਰਤ ਨੂੰ ਜੋੜਨਾ ਹੈ। ਗੁਰੂ ਸਾਹਿਬ ਨੇ ਆਪ ਹੀ ਆਪਣੀ ਬਾਣੀ ਵਿੱਚ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਕੀਤੀ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਮਨੁੱਖਾ ਦੇਹੀ ਸਾਨੂੰ ਗੁਰੂ ਸਾਹਿਬ ਦੇ ਸ਼ਬਦ ਨਾਲ ਜੁੜਣ ਲਈ ਮਿਲੀ ਹੈ ਜਿਸ ਨਾਲ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਜੀ ਪਾਸੋਂ ਪਹਿਲਾ ਪਾਵਨ ਸਰੂਪ ਲਿਖਵਾ ਕੇ ਬਾਣੀ ਨੂੰ ਇੱਕ ਥਾਂ ਇਕੱਤਰ ਕੀਤਾ ਅਤੇ 1604 ਈਸਵੀ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਸਿੱਖਾਂ ਨੂੰ ਬਾਬਾ ਬੁੱਢਾ ਜੀ ਪਾਸੋਂ ਸਾਡੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸਾਨੂੰ ਸਦੀਵ ਕਾਲ ਲਈ ਗੁਰਬਾਣੀ ਨਾਲ ਜੋੜਿਆ ਹੈ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਰੀਏ ਅਤੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੀਏ।

ਸਿੱਖ ਸੰਗਤ ਨੂੰ ਵਿਸ਼ੇਸ਼ ਅਪੀਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰਬਾਣੀ ਅਨੁਸਾਰ ਸਾਰਾ ਜੱਗ ਇਕ ਹੈ ਅਤੇ ਸਿੱਖ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਰੂਪ ਦੇਖਦਿਆਂ ਕਿਸੇ ਨਾਲ ਨਫ਼ਰਤ, ਵਿਤਕਰਾ ਜਾਂ ਦਵੇਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਖ਼ਾਸਕਰ ਵਿਦੇਸ਼ਾਂ ਦੀ ਧਰਤੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਸੰਗਤਾਂ ਦੇ ਬਹੁਤ ਸਾਰੇ ਐਸੇ ਮਾਮਲੇ ਤੇ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਉਨ੍ਹਾਂ ਨੂੰ ਕਿਸੇ ਕਾਰਨਾਂ ਕਰਕੇ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਿਆ ਜਾਂਦਾ ਹੈ ਅਤੇ ਇਸ ਲਈ ਸਥਾਨਕ ਪੁਲਿਸ ਪ੍ਰਸ਼ਾਸਨ ਰਾਹੀਂ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਤੇ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਉੱਤੇ ਅਮਲ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਵਿਅਕਤੀ ਮਰਯਾਦਾ ਮੁਤਾਬਕ ਗੁਰੂ ਘਰ ਵਿੱਚ ਆਉਂਦਾ ਹੈ ਤਾਂ ਉਸ ਨੂੰ ਗੁਰੂ ਸਿਧਾਂਤ ਅਨੁਸਾਰ ਰੋਕਿਆ ਨਹੀਂ ਜਾ ਸਕਦਾ। ਇਸ ਸਬੰਧੀ ਬਾਕਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਬੀਤੇ ਸਮੇਂ ਹੁਕਮਨਾਮਾ ਵੀ ਹੋ ਚੁੱਕਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਜਾਂ ਗੁਰਦੁਆਰਾ ਪ੍ਰਬੰਧਕ ਅਜੇ ਵੀ ਨਿੱਜੀ ਰੰਜਿਸ਼ਾਂ ਕੱਢਣ ਲਈ ਜਾਂ ਹੋਰ ਕਾਰਨਾਂ ਕਰਕੇ ਕਿਸੇ ਉੱਤੇ ਰੋਕ ਲਗਾਉਣ ਦੀਆਂ ਕਾਰਵਾਈਆਂ ਕਰਦੇ ਹਨ ਉਹ ਅਜਿਹਾ ਨਾ ਕਰਨ ਅਤੇ ਜੋ ਵੀ ਝਗੜੇ ਜਾਂ ਵਿਚਾਰਕ ਵਖਰੇਵੇਂ ਹਨ ਉਨ੍ਹਾਂ ਦਾ ਆਪਸ ਵਿੱਚ ਮਿਲ ਬੈਠ ਕੇ ਸਦਭਾਵਨਾ ਨਾਲ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਇੱਕ ਵੱਖਰੀ ਗੱਲ ਹੈ ਪਰ ਸਿੱਖੀ ਵਿੱਚ ਸਿਧਾਂਤਕ ਤੇ ਰਵਾਇਤੀ ਤੌਰ ਉੱਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਜਿਨ੍ਹਾਂ ਵੀ ਪ੍ਰਬੰਧਕਾਂ ਵੱਲੋਂ ਕਿਸੇ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਿਆ ਗਿਆ ਹੈ, ਇਹ ਕਾਰਵਾਈਆਂ ਤੁਰੰਤ ਪ੍ਰਭਾਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਰੋਸ਼ਨੀ ਵਿੱਚ ਵਾਪਸ ਲਈਆਂ ਜਾਣ ਅਤੇ ਹਰੇਕ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣ ਤੇ ਗੁਰਬਾਣੀ ਦਾ ਪਾਠ ਸੁਣਨ ਤੇ ਕਰਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਨਿੱਜੀ ਮੱਤ ਦੇ ਮੁਤਾਬਕ, ਆਪਸੀ ਝਗੜਿਆਂ ਦੇ ਚੱਲਦਿਆਂ ਕਿਸੇ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਰੋਕਦੇ ਹਾਂ ਤਾਂ ਇਹ ਗੁਰੂ ਸਿਧਾਂਤ ਦੀ ਉਲੰਘਣਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਅਵੱਗਿਆ ਹੈ, ਸਾਨੂੰ ਐਸੇ ਅਮਲ ਨਹੀਂ ਕਰਨੇ ਚਾਹੀਦੇ। ਇੱਕ ਅਕਾਲ ਪੁਰਖ ਦੇ ਧੀਆਂ ਪੁੱਤਰ ਹੋਣ ਦੇ ਮੱਦੇਨਜ਼ਰ ਅਸੀਂ ਆਪਸ ਵਿੱਚ ਪ੍ਰੇਮ, ਇਤਫ਼ਾਕ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੀਏ।

Related Post