ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲਨਾਡੂ ਪੁੱਜ ਕੇ ਕੀਤੀ ਮੁਲਾਕਾਤ

Jathedar Kuldeep Singh Gargajj : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਗੱਲ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ, ਰੰਗ ਭੇਦ ਅਤੇ ਜਾਤ ਅਧਾਰਿਤ ਵਿਤਕਰਾ ਤੇ ਆਨਰ ਕਿਲਿੰਗ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

By  KRISHAN KUMAR SHARMA September 10th 2025 12:59 PM -- Updated: September 10th 2025 01:01 PM

ਥੁੱਥੂਕੁੜੀ/ਸ੍ਰੀ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮਿਤੀ 9 ਸਤੰਬਰ ਨੂੰ ਤਾਮਿਲ ਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਬੀਤੇ ਦਿਨੀਂ ਜਾਤ ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ - ਪਿਤਾ ਸ੍ਰੀ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ - ਨਾਲ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਮੁਲਾਕਾਤ ਕੀਤੀ ਤੇ ਪੀੜਤ ਪਰਿਵਾਰ ਨੂੰ ਹੌਂਸਲਾ ਦਿੱਤਾ ਕਿ ਉਹ ਇਨਸਾਫ਼ ਲਈ ਡਟ ਕੇ ਖੜ੍ਹਣ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਕਾਵਿਨ ਤਾਮਿਲ ਨਾਡੂ ਦੇ ਰਹਿਣ ਵਾਲੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਦੇ ਭਾਣਜਾ ਸਨ, ਜਿਨ੍ਹਾਂ ਦੇ ਸੱਦੇ ਉੱਤੇ ਜਥੇਦਾਰ ਗੜਗੱਜ ਇੱਥੇ ਪੁੱਜੇ। ਇਸ ਮੌਕੇ ਜਥੇਦਾਰ ਗੜਗੱਜ ਨੇ ਇਸ ਗੱਲ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਕਿ ਸੰਸਾਰ ਅੰਦਰ ਅੱਜ ਵੀ ਜਾਤੀਵਾਦ, ਰੰਗ ਭੇਦ ਅਤੇ ਜਾਤ ਅਧਾਰਿਤ ਵਿਤਕਰਾ ਤੇ ਆਨਰ ਕਿਲਿੰਗ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਫ਼ਲਸਫੇ ਵਿੱਚ ਸਮੁੱਚੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਦੇ ਬੰਦੇ ਆਖਿਆ ਗਿਆ ਹੈ।

ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਪੁਰਖ ਦੇ ਸਨਮੁਖ ਪੀੜਤ ਪਰਿਵਾਰ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਬਲ ਤੇ ਉੱਦਮ ਬਖ਼ਸ਼ਣ ਦੀ ਖੁਦ ਅਰਦਾਸ ਕੀਤੀ ਕਿ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਰਹੇ ਤੇ ਇਨ੍ਹਾਂ ਨਾਲ ਇਨਸਾਫ਼ ਹੋਵੇ। ਉਨ੍ਹਾਂ ਅਰਦਾਸ ਕੀਤੀ ਕਿ ਇਸ ਸੰਸਾਰ ਵਿੱਚੋਂ ਮੇਰ-ਤੇਰ, ਜਾਤ-ਪਾਤ, ਊਚ-ਨੀਚ ਜਿਹੇ ਜੋ ਭੇਦਭਾਵ ਹਨ ਜਿਨ੍ਹਾਂ ਕਰਕੇ ਕਈ ਕੀਮਤੀ ਜਾਨਾਂ ਸੰਸਾਰ ਤੋਂ ਚਲੇ ਜਾਂਦੀਆਂ ਹਨ, ਇਹ ਭੇਦਭਾਵ ਮਿਟਣ ਅਤੇ ਗੁਰੂ ਸਾਹਿਬਾਨ ਦੀ ਸਰਬ ਸਾਂਝੀਵਾਲਤਾ ਦੀ ਸਿਖਿਆ ਦਾ ਪ੍ਰਚਾਰ ਪ੍ਰਸਾਰ ਹੋਵੇ।

ਜਥੇਦਾਰ ਗੜਗੱਜ ਨੇ ਕਾਵਿਨ ਦੇ ਪਿਤਾ ਸ੍ਰੀ ਚੰਦਰ ਸ਼ੇਖਰ ਨੂੰ ਆਖਿਆ ਕਿ ਉਨ੍ਹਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਤੇ ਆਪਣੇ ਪੁੱਤਰ ਦਾ ਇਨਸਾਫ਼ ਪ੍ਰਾਪਤ ਕਰਨ ਲਈ ਹਿੰਮਤ ਨਾਲ ਕਾਨੂੰਨੀ ਲੜਾਈ ਲੜਣੀ ਪਵੇਗੀ ਤਾਂ ਜੋ ਜਾਤ ਪਾਤ ਦੇ ਵਿਤਕਰੇ ਨੂੰ ਠੱਲ੍ਹਿਆ ਜਾ ਸਕੇ ਤੇ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬਹੁਤ ਪੁਰਾਣਾ ਹੈ, ਭਾਵੇਂ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ ਅਧਾਰਿਤ ਭੇਦਭਾਵ ਤੇ ਵਿਤਕਰੇ ਨੂੰ ਬਹੁਤ ਸਮਾਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ ਪਰ ਅਜੇ ਤੱਕ ਇਹ ਸਮੱਸਿਆ ਤੇ ਅੱਤਿਆਚਾਰ ਸੰਸਾਰ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਤਾਮਿਲ ਨਾਡੂ ਅਤੇ ਇਸ ਖੇਤਰ ਦੇ ਹੋਰ ਸੂਬਿਆਂ ਅੰਦਰੋਂ ਜਾਤ ਪਾਤ ਦਾ ਵਿਤਕਰਾ ਖਤਮ ਹੋਵੇ ਤੇ ਇਸ ਪਰਿਵਾਰ ਨੂੰ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇਨਸਾਫ਼ ਪ੍ਰਾਪਤ ਕਰਨਾ ਇਸ ਪਰਿਵਾਰ ਦਾ ਮੁੱਢਲਾ ਹੱਕ ਹੈ। 

ਜਥੇਦਾਰ ਗੜਗੱਜ ਤਾਮਿਲਨਾਡੂ ਵਿਖੇ ਧਰਮ ਪ੍ਰਚਾਰ ਲਹਿਰ 'ਖੁਆਰ ਹੋਏ ਸਭ ਮਿਲੈਂਗੇ' ਤਹਿਤ ਤਿੰਨ ਦਿਨਾਂ ਦੀ ਪ੍ਰਚਾਰ ਫੇਰੀ ਉੱਤੇ ਹਨ, ਇਸ ਦੌਰਾਨ ਉਹ ਸੂਬੇ ਅੰਦਰ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਸਥਾਨਕ ਲੋਕਾਂ ਅਤੇ ਜਾਤ-ਪਾਤ ਅਧਾਰਤ ਵਿਤਕਰੇ ਦੇ ਪੀੜਤਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਤੇ ਸਿੱਖੀ ਸਿਧਾਂਤਾਂ ਤੇ ਫ਼ਲਸਫ਼ੇ ਬਾਰੇ ਬਾਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀਆਂ ਉਦਾਸੀਆਂ ਸਮੇਂ ਇਸ ਖੇਤਰ ਵਿੱਚ ਆਏ ਹਨ ਅਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਬਾਰੇ ਸਥਾਨਕ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।

ਜਥੇਦਾਰ ਗੜਗੱਜ ਦੇ ਨਾਲ ਪੰਜਾਬ ਤੋਂ ਬਰਜਿੰਦਰ ਸਿੰਘ ਹੁਸੈਨਪੁਰ, ਤਾਮਿਲ ਸਿੱਖ ਜੀਵਨ ਸਿੰਘ, ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਅਤੇ ਕੁਝ ਸਥਾਨਕ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ।

Related Post