ਪਾਕਿਸਤਾਨ ਚ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਭਾਰਤ ਸਰਕਾਰ ਕੋਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ

Jathedar Kuldeep Singh Gargajj Visit Pakistan : ਜਥੇਦਾਰ ਸਾਹਿਬ ਨੇ ਬਾਘਾ ਬਾਰਡਰ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੇ ਪ੍ਰਬੰਧ ਚੰਗੇ ਹਨ ਅਤੇ ਦਰਸ਼ਨ ਦੌਰਾਨ ਉਨ੍ਹਾਂ ਨੂੰ ਪੂਰੀ ਸੰਤੁਸ਼ਟੀ ਮਿਲੀ ਹੈ।

By  KRISHAN KUMAR SHARMA November 9th 2025 03:47 PM -- Updated: November 9th 2025 06:17 PM

Jathedar Kuldeep Singh Gargajj : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜੱਥਾ ਅੱਜ ਵਾਪਸ ਭਾਰਤ ਪਰਤ ਆਇਆ। ਇਸ ਜੱਥੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਸਨ, ਜੋ ਅੱਜ ਅਟਾਰੀ-ਵਾਘਾ ਬਾਰਡਰ ਰਾਹੀਂ ਭਾਰਤ ਪੁੱਜੇ। ਵਾਪਸੀ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਗੁਰੂ ਘਰਾਂ ਵਿੱਚ ਦਰਸ਼ਨ ਦੇ ਅਨੁਭਵ ਤੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਗਿਆਨੀ ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਜੱਥੇ ਨੇ ਸ਼ਾਂਤੀਪੂਰਨ ਤਰੀਕੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਦਰਸ਼ਨ ਕੀਤੇ। ਉਹਨਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਸਨ, ਜਿਸ ਲਈ ਉਹਨਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਤੇ ਕਮੇਟੀ ਦੇ ਪ੍ਰਧਾਨ ਮੇਤ ਸਿੰਘ ਅਰੋੜਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੂਰਾ ਪ੍ਰੋਟੋਕਾਲ, ਸੁਰੱਖਿਆ ਤੇ ਮੈਡੀਕਲ ਪ੍ਰਬੰਧ ਬਹੁਤ ਸ਼ਾਨਦਾਰ ਸਨ।

ਜਥੇਦਾਰ ਸਾਹਿਬ ਨੇ ਦੱਸਿਆ ਕਿ ਉੱਥੇ ਸਿੱਖ ਸੰਗਤ ਦੇ ਨਾਲ ਨਾਲ ਸਿੰਧੀ ਸਮਾਜ ਦੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਭਾਈ-ਭੈਣਾਂ ਨਾਲ ਵੀ ਗੱਲਬਾਤ ਹੋਈ। ਸਭ ਨੂੰ ਗੁਰਬਾਣੀ ਨਾਲ ਜੁੜਨ, ਆਪਸੀ ਪਿਆਰ ਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਪੈਗਾਮ ਦਿੱਤਾ ਗਿਆ। ਉਹਨਾਂ ਦੋਨਾਂ ਸਰਕਾਰਾਂ ਦਾ ਧੰਨਵਾਦ ਕੀਤਾ ਜੋ ਇਹ ਧਾਰਮਿਕ ਯਾਤਰਾ ਸੰਭਵ ਬਣੀ।

ਕਰਤਾਰਪੁਰ ਸਾਹਿਬ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਨੁਕਸਾਨ ਦੇ ਬਾਵਜੂਦ ਹੁਣ ਉੱਥੇ ਸਫ਼ਾਈ ਤੇ ਸੰਭਾਲ ਦੇ ਪ੍ਰਬੰਧ ਬੇਹਤਰੀਨ ਹਨ। ਉਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ‘ਚ ਅਮਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਲਾਂਘਾ ਜਲਦੀ ਖੋਲ੍ਹਿਆ ਜਾਵੇ, ਤਾਂ ਜੋ ਹੋਰ ਵੱਡੀ ਗਿਣਤੀ ਵਿੱਚ ਸਿੱਖ ਯਾਤਰੀ ਦਰਸ਼ਨ ਲਈ ਜਾ ਸਕਣ।


ਉਹਨਾਂ ਕਿਹਾ ਕਿ ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੇੜੇ ਆ ਰਹੀ ਹੈ, ਤਾਂ ਕਰਤਾਰਪੁਰ ਲਾਂਘਾ ਖੋਲ੍ਹਣਾ “ਸੋਨੇ ਉੱਤੇ ਸੁਹਾਗਾ” ਵਰਗੀ ਗੱਲ ਹੋਵੇਗੀ। ਇਹ ਲਾਂਘਾ ਸਿਰਫ਼ ਰਾਹ ਨਹੀਂ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ ਜੋ ਦੋਨਾਂ ਦੇਸ਼ਾਂ ਦੇ ਲੋਕਾਂ ਵਿਚ ਪ੍ਰੇਮ ਤੇ ਸਾਂਝ ਵਧਾਉਂਦਾ ਹੈ।

ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਕਿਸੇ ਯਾਤਰੀ ਨੂੰ ਵੀਜ਼ਾ ਮਿਲ ਜਾਵੇ, ਤਾਂ ਉਹਨੂੰ ਗੁਰੂ ਘਰ ਦੇ ਦਰਸ਼ਨ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ, ਦੋਨਾਂ ਪਾਸਿਆਂ ਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਆਪਸੀ ਤੀਰਥ ਸਥਾਨਾਂ ਦੇ ਦਰਸ਼ਨ ਲਈ ਵੀ ਵੀਜ਼ਾ ਸੁਵਿਧਾ ਦਿੱਤੀ ਜਾਵੇ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਕੋਰੀਡੋਰ ਸਿਰਫ਼ ਇੱਕ ਰਾਹ ਨਹੀਂ, ਸਗੋਂ ਇਹ ਭਰੋਸੇ ਅਤੇ ਸ਼ਰਧਾ ਦਾ ਪ੍ਰਤੀਕ ਹੈ, ਜੋ ਦੋਵੇਂ ਦੇਸ਼ਾਂ ਵਿਚਕਾਰ ਆਧਿਆਤਮਿਕ ਅਤੇ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਜਲਦ ਹੀ ਕੋਰੀਡੋਰ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਵੇਗੀ।

Related Post