ਸਿੱਖੀ ਸਾਡੀ ਪਛਾਣ, ਅੱਜ ਸਾਨੂੰ ਖੁਦ ਪੰਥ ਦੀ ਪਹਿਰੇਦਾਰੀ ਦੀ ਲੋੜ, ਖਾਲਸਾ ਸਾਜਨਾ ਦਿਵਸ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਕੌਮ ਦੇ ਨਾਮ ਸੰਦੇਸ਼

Khalsa Sajna Diwas 2026 : ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਮ ਜਾਰੀ ਕੀਤੇ ਗਏ ਸੰਦੇਸ਼ ਵਿੱਚ ਸਿੱਖ ਪੰਥ ਦੀ ਏਕਤਾ, ਪਹਿਚਾਣ ਅਤੇ ਮੂਲ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ਹੈ।

By  KRISHAN KUMAR SHARMA April 14th 2026 01:19 PM -- Updated: April 14th 2026 01:28 PM

Jathedar Kuldeep Singh Sandesh : ਖਾਲਸਾ ਸਾਜਨਾ ਦਿਵਸ 'ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਜਥੇਦਾਰ ਸਾਹਿਬ ਵੱਲੋਂ ਕੌਮ ਦੇ ਨਾਮ ਜਾਰੀ ਕੀਤੇ ਗਏ ਸੰਦੇਸ਼ ਵਿੱਚ ਸਿੱਖ ਪੰਥ ਦੀ ਏਕਤਾ, ਪਹਿਚਾਣ ਅਤੇ ਮੂਲ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕੁਝ ਤੱਤ ਸਿੱਖਾਂ ਖਿਲਾਫ ਗਲਤ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਿੱਖ ਧਰਮ ਅਤੇ ਖਾਲਸਾਈ ਸੋਚ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ 1699 ਦੀ ਵੈਸਾਖੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਨਿਰਾਲੀ ਪਹਿਚਾਣ ਦਿੱਤੀ ਸੀ, ਜੋ ਅੱਜ ਵੀ ਅਟੱਲ ਹੈ।

'ਸਿੰਘ' ਤੇ 'ਕੌਰ' ਸਿੱਖੀ ਦੀ ਪਛਾਣ

ਉਨ੍ਹਾਂ ਨੇ ਕਿਹਾ ਕਿ “ਸਿੰਘ” ਅਤੇ “ਕੌਰ” ਸਿੱਖਾਂ ਦੀ ਅਸਲੀ ਪਹਿਚਾਣ ਹਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਂ ਨਾਲ ਇਹ ਸ਼ਬਦ ਜ਼ਰੂਰ ਜੋੜਣੇ ਚਾਹੀਦੇ ਹਨ। ਜਥੇਦਾਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਸਿਧਾਂਤ ਨੂੰ ਸਿੱਖੀ ਦੀ ਨੀਂਹ ਦੱਸਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਰੀਰਾਂ ਨੂੰ ਮਾਰਿਆ ਜਾ ਸਕਦਾ ਹੈ, ਪਰ ਪੰਥ ਨੂੰ ਖਤਮ ਨਹੀਂ ਕੀਤਾ ਜਾ ਸਕਦਾ।

'ਅੱਜ ਸਾਨੂੰ ਖੁਦ ਪੰਥ ਦੀ ਪਹਿਰੇਦਾਰੀ ਦੀ ਲੋੜ'

ਬੇਅਦਬੀ ਦੇ ਮਾਮਲਿਆਂ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਹੱਲ ਸਿਰਫ ਸਾਨੂੰ ਖੁਦ ਪੰਥ ਦੀ ਪਹਿਰੇਦਾਰੀ ਕਰਨ ਵਿੱਚ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਰਬਉਚ ਗੁਰੂ ਹੈ ਅਤੇ ਇਸ 'ਤੇ ਕੋਈ ਕਾਨੂੰਨ ਨਹੀਂ ਬਣ ਸਕਦਾ, ਹਾਲਾਂਕਿ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਸਿਰਫ਼ ਕਾਨੂੰਨ ਬਣਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਪਹਿਚਾਣ ਨਾਲ ਜੁੜੇ ਪੰਜ ਕਕਾਰਾਂ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਖ-ਵੱਖ ਸਥਾਨਾਂ 'ਤੇ ਕਕਾਰਾਂ ਨੂੰ ਲੈ ਕੇ ਆ ਰਹੀਆਂ ਰੋਕਾਂ ਸਿੱਖਾਂ ਦੇ ਹੱਕਾਂ ‘ਤੇ ਅਸਰ ਪਾ ਰਹੀਆਂ ਹਨ।

ਅੰਤ ਵਿੱਚ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਕਤਾ ਵਿੱਚ ਹੀ ਤਾਕਤ ਹੈ। ਉਨ੍ਹਾਂ ਵਿਸਾਖੀ (Khalsa Sajna Diwas 2026) ਦੇ ਪਵਿੱਤਰ ਮੌਕੇ ‘ਤੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵੱਸਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜਿਆ ਹੋਇਆ ਹੈ ਅਤੇ ਸਭ ਨੂੰ ਇਕ ਪਰਿਵਾਰ ਵਜੋਂ ਰਹਿਣ ਦੀ ਲੋੜ ਹੈ।

Related Post