ਪੰਜ ਤੱਤਾਂ ਚ ਵਿਲੀਨ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜੀਜਾ ਗੁਰਵਿੰਦਰ ਸਿੰਘ, ਵੱਖ-ਵੱਖ ਸਖ਼ਸ਼ੀਅਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ
Punjab Police ASI Gurvinder Singhs cremation : ਤਰਨ ਤਾਰਨ ਸ਼ਹਿਰ ਪੁਲਿਸ ਵੱਲੋਂ ਬੀਤੇ ਦਿਨ ਤਰਨ ਤਾਰਨ ਜ਼ਿਲ੍ਹਾ ਹਸਪਤਾਲ ਵਿਖੇ ਪੋਸਟ ਮਾਰਟਮ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਸਰੀਰ ਉਨ੍ਹਾਂ ਦਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਅੱਜ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
Punjab Police ASI Gurvinder Singhs cremation : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਜੀਜਾ ਅਤੇ ਪੰਜਾਬ ਪੁਲਿਸ ਦੇ ਏ.ਐੱਸ.ਆਈ ਗੁਰਵਿੰਦਰ ਸਿੰਘ ਦਾ ਸਸਕਾਰ ਅੱਜ ਦੁਪਹਿਰ 12:30 ਵਜੇ ਸਨਮਾਨ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਨੇੜੇ ਸਥਿਤ ਸ਼ਮਸ਼ਾਨ ਘਾਟ ਵਿੱਚ ਹੋਇਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਡਲਜੀਤ ਸਿੰਘ ਚੀਮਾ ਵੱਖ-ਵੱਖ ਸਿੱਖ ਸਖ਼ਸ਼ੀਅਤਾਂ ਨੇ ਸਸਕਾਰ ਮੌਕੇ ਪੁੱਜ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਤਰਨ ਤਾਰਨ ਸ਼ਹਿਰ ਪੁਲਿਸ ਵੱਲੋਂ ਬੀਤੇ ਦਿਨ ਤਰਨ ਤਾਰਨ ਜ਼ਿਲ੍ਹਾ ਹਸਪਤਾਲ ਵਿਖੇ ਪੋਸਟ ਮਾਰਟਮ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਸਰੀਰ ਉਨ੍ਹਾਂ ਦਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਅੱਜ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਅੱਜ ਸਵੇਰੇ ਗੁਰਵਿੰਦਰ ਸਿੰਘ ਦਾ ਸ਼ਰੀਰ ਉਨ੍ਹਾਂ ਦੀ ਭਾਈ ਮੰਝ ਰੋਡ ਸਥਿਤ ਰਿਹਾਇਸ਼ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਐਂਬੂਲੈਂਸ ਰਾਹੀਂ ਸ਼ਮਸ਼ਾਨ ਘਾਟ ਲਿਆਂਦਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਘਰੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ, ਜਿਸ ਵਿੱਚ ਵੱਖ-ਵੱਖ ਰਾਗੀ ਜਥਿਆਂ ਨੇ ਸੋਗਮਈ ਪਰਿਵਾਰ ਨੂੰ ਗੁਰਬਾਣੀ ਅਤੇ ਗੁਰੂ ਜਸ ਨਾਲ ਜੋੜਿਆ।
ਸ਼ਮਸ਼ਾਨਘਾਟ ਵਿਖੇ ਪਹੁੰਚਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਆ ਸਿੰਘ ਭਾਈ ਪ੍ਰੇਮ ਸਿੰਘ ਨੇ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ, ਜਿਸ ਨੂੰ ਹਾਜ਼ਰ ਸੰਗਤ ਨੇ ਸਰਵਣ ਕੀਤਾ। ਉਪਰੰਤ ਕਿਉਂਕਿ ਗੁਰਵਿੰਦਰ ਸਿੰਘ ਪੰਜਾਬ ਪੁਲਿਸ ਦੇ ਸੇਵਾ ਅਧੀਨ ਏ.ਐੱਸ.ਆਈ ਮੁਲਾਜ਼ਮ ਸਨ ਤਾਂ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਸਾਬਤ ਸੂਰਤ ਜਵਾਨਾਂ ਵੱਲੋਂ ਹਵਾ ਵਿੱਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ ਅਤੇ ਉਪਰੰਤ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਬਾਅਦ ਵਿੱਚ ਸਮੁੱਚੀ ਸਿੱਖ ਸੰਗਤ ਗੁਰਦੁਆਰੀ ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪੁੱਜੀ ਜਿੱਥੇ ਗੁਰਬਾਣੀ ਦਾ ਪਾਠ ਅਤੇ ਅਰਦਾਸ ਕੀਤੀ ਗਈ।
ਇਸ ਮੌਕੇ ਪੁੱਜੀਆਂ ਵੱਖ-ਵੱਖ ਸਿੱਖ ਸਖ਼ਸ਼ੀਅਤਾਂ ਵੱਲੋਂ ਗੁਰਵਿੰਦਰ ਸਿੰਘ ਦੇ ਅਚਾਨਕ ਚਲਾਣੇ ਦੇ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲੇ ਇਸ ਘਾਟੇ ਲਈ ਉਨ੍ਹਾਂ ਨਾਲ ਦੁੱਖ ਸਾਂਝਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ। ਗੁਰਵਿੰਦਰ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਖਾਰਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਮੇਂ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਭਾਈ ਮੰਝ ਰੋਡ ਸਥਿਤ ਗ੍ਰੈਂਡ ਇਸਟੇਟ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ।
ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਭਾਈ ਮੰਝ ਰੋਡ ਸਥਿਤ ਉਨ੍ਹਾਂ ਦੀ ਰਿਹਾਇਸ਼ ਉੱਤੇ ਅੱਜ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਭੋਗ ਮਿਤੀ 10 ਅਗਸਤ 2025 ਨੂੰ ਸਵੇਰੇ 9 ਵਜੇ ਪੈਣਗੇ ਅਤੇ ਇਸ ਉਪਰੰਤ ਅੰਤਿਮ ਅਰਦਾਸ ਸਮਾਗਮ ਤਰਨ ਤਾਰਨ ਰੋਡ ਸਥਿਤ ਗੁਰਦੁਆਰਾ ਸੰਗਰਾਣਾ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੋਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਭਾਈ ਗੁਰਚਰਨ ਸਿੰਘ ਗਰੇਵਾਲ, ਬਾਵਾ ਸਿੰਘ ਗੁਮਾਨਪੁਰਾ, ਬਲਜੀਤ ਸਿੰਘ ਜਲਾਲਉਸਮਾਂ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਕੁਲਦੀਪ ਕੌਰ ਟੌਹੜਾ, ਬਲਦੇਵ ਸਿੰਘ ਚੂੰਗਾਂ, ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਤੇ ਸੁਖਵਰਸ਼ ਸਿੰਘ ਪੰਨੂ, ਅਕਾਲੀ ਆਗੂ ਸ. ਇਕਬਾਲ ਸਿੰਘ ਸੰਧੂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ, ਬੇਅੰਤ ਸਿੰਘ ਭਰਾਤਾ ਜਰਨਲ ਸ਼ਾਬੇਗ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਜਨਰਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਭਗਵੰਤ ਸਿੰਘ ਧੰਗੇੜਾ, ਨਰਿੰਦਰ ਸਿੰਘ ਮਥਰੇਵਾਲ, ਰਾਜਿੰਦਰ ਸਿੰਘ ਰੂਬੀ, ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜਤਿੰਦਰ ਪਾਲ ਸਿੰਘ, ਯੁਵਰਾਜ ਸਿੰਘ, ਚੀਫ਼ ਖ਼ਾਲਸਾ ਦੀਵਾਨ ਤੋਂ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ਰਮਣੀਕ ਸਿੰਘ ਆਨਰੇਰੀ ਸਕੱਤਰ, ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਕਾਰਜਕਾਰਨੀ ਮੈਂਬਰ ਏ.ਪੀ.ਐੱਸ ਮਾਨ, ਮੈਂਬਰ ਤਰਲੋਚਨ ਸਿੰਘ, ਗੁਰਭੇਜ ਸਿੰਘ, ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਤੋਂ ਰਣਜੀਤ ਸਿੰਘ ਟੌਹੜਾ ਮੁੱਖ ਸੇਵਾਦਾਰ, ਰਣਵੀਰ ਸਿੰਘ ਸਹਾਇਕ ਸਕੱਤਰ, ਜਗਪਾਲ ਸਿੰਘ ਖ਼ਜ਼ਾਨਚੀ, ਸੋਮਨਾਥ ਸਿੰਘ ਜੀ ਮੁਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ, ਸੰਤਵਤ ਸਿੰਘ ਸੇਵਾਦਾਰ ਸਿੱਖ ਨੋਜਵਾਨ ਸਭਾ ਰਿਹਾੜੀ, ਤਜਿੰਦਰ ਸਿੰਘ ਜੰਮੂ ਕਸ਼ਮੀਰ ਕਿਸਾਨ ਕੌਂਸਲ, ਕੰਵਲਜੀਤ ਸਿੰਘ ਜੰਮੂ, ਮਨਜੀਤ ਸਿੰਘ ਜੰਮੂ, ਪਰਮਜੀਤ ਸਿੰਘ ਜੰਮੂ ਆਦਿ ਹਾਜ਼ਰ ਸਨ।