Hola Mohalla : ਰੰਗਾਂ ਤੇ ਪਾਬੰਦੀ, ਲੰਗਰ ਪ੍ਰਥਾ ਚ ਰਵਾਇਤੀ ਬਰਤਨਾਂ ਦੀ ਵਾਪਸੀ, ਪਲਾਸਟਿਕ ਮੁਕਤ ਹੋਲਾ ਮਹੱਲਾ ਮਨਾਉਣ ਦਾ ਸੰਕਲਪ
Hola Mohalla : ਜਥੇਦਾਰ ਗੜਗੱਜ ਨੇ ਆਖਿਆ ਕਿ ਹੋਲਾ ਮਹੱਲਾ ਜੰਗੀ ਕਰਤੱਬ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਇਸ ਮੌਕੇ ਰੰਗਾਂ ਦੀਆਂ ਦੁਕਾਨਾਂ ਨਹੀਂ ਲੱਗਣਗੀਆਂ ਅਤੇ ਰੰਗ ਸੁੱਟਣ 'ਤੇ ਪਾਬੰਦੀ ਰਹੇਗੀ। ਕੇਵਲ ਨਿਹੰਗ ਫੌਜਾਂ ਵੱਲੋਂ ਮਰਿਆਦਾ ਅੰਦਰ ਗੁਲਾਲ ਦੀ ਪਰੰਪਰਾ ਨਿਭਾਈ ਜਾਵੇਗੀ।
Hola Mohalla : "ਸਿੱਖ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਮਾਰਗ ਦੇ ਰੂਪ ਵਿੱਚ ਰੱਖੀ, ਜਿਸਨੂੰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਰੂਪ ਦੇ ਕੇ ਮੁਕੰਮਲ ਕੀਤਾ। ਖਾਲਸਾ ਪੰਥ ਵਿਲੱਖਣ ਹੋਣ ਕਰਕੇ ਇਸ ਦੇ ਦਿਨ-ਤਿਉਹਾਰ ਵੀ ਸੰਸਾਰ ਤੋਂ ਨਿਰਾਲੇ ਹਨ, ਜੋ ਸਰਬੱਤ ਦੇ ਭਲੇ, ਚੜ੍ਹਦੀ ਕਲਾ ਅਤੇ ਅਣਖ-ਗੈਰਤ ਦਾ ਸੰਦੇਸ਼ ਦਿੰਦੇ ਹਨ। ਇਨ੍ਹਾਂ ਕੌਮੀ ਤਿਉਹਾਰਾਂ ਵਿੱਚੋਂ ਹੋਲਾ ਮਹੱਲਾ ਖਾਸ ਅਹਿਮੀਅਤ ਰੱਖਦਾ ਹੈ, ਜੋ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀਆਂ ਹਨ। ਇਸ ਸਾਲ ਵੀ ਸਿੱਖ ਨੌਜਵਾਨ ਟਰਾਲੀਆਂ ਸਜਾ ਕੇ, ਨਿਸ਼ਾਨ ਸਾਹਿਬ ਲਾ ਕੇ ਚੜ੍ਹਦੀ ਕਲਾ ਨਾਲ ਪਹੁੰਚਣ ਲਈ ਤਿਆਰ ਬੈਠੇ ਹਨ।" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ, ਸੰਪਰਦਾਵਾਂ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਲੰਗਰਾਂ ਅਤੇ ਰਹਿਣ-ਸਹਿਣ ਦੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਤਾਲਮੇਲ ਨਾਲ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ‘ਤੇ ਸਹਿਮਤੀ ਬਣੀ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਖਾਸ ਅਪੀਲ ਕੀਤੀ ਗਈ ਹੈ ਕਿ ਲੰਗਰਾਂ ਵਿੱਚ ਰਵਾਇਤੀ ਸਟੀਲ ਅਤੇ ਲੋਹੇ ਦੇ ਬਰਤਨਾਂ ਦੀ ਵਰਤੋਂ ਵਧਾਈ ਜਾਵੇ। ਜੂਠੇ ਭਾਂਡੇ ਮਾਂਜਣ ਦੀ ਸੇਵਾ ਨੂੰ ਵੀ ਮਹਾਨ ਸੇਵਾ ਮੰਨਿਆ ਗਿਆ ਹੈ, ਜੋ ਸਿੱਖ ਇਤਿਹਾਸ ਦਾ ਅਟੁੱਟ ਹਿੱਸਾ ਹੈ। ਥਰਮਾਕੋਲ ਅਤੇ ਸਿੰਗਲ-ਯੂਜ਼ ਪਲਾਸਟਿਕ ਦੇ ਭਾਂਡਿਆਂ ਤੋਂ ਬਚਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਇਹ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਹਾਨੀਕਾਰਕ ਹਨ। ਪ੍ਰਦੂਸ਼ਣ ਰੋਕਣ ਲਈ ਬਦਲਵੀਂ ਵਸਤਾਂ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਹੋਲੇ ਮਹੱਲੇ 'ਚ ਰੰਗਾਂ 'ਤੇ ਪਾਬੰਦੀ
ਜਥੇਦਾਰ ਗੜਗੱਜ ਨੇ ਆਖਿਆ ਕਿ ਹੋਲਾ ਮਹੱਲਾ ਜੰਗੀ ਕਰਤੱਬ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਇਸ ਮੌਕੇ ਰੰਗਾਂ ਦੀਆਂ ਦੁਕਾਨਾਂ ਨਹੀਂ ਲੱਗਣਗੀਆਂ ਅਤੇ ਬ ਰੰਗ ਸੁੱਟਣ 'ਤੇ ਪਾਬੰਦੀ ਰਹੇਗੀ। ਕੇਵਲ ਨਿਹੰਗ ਫੌਜਾਂ ਵੱਲੋਂ ਮਰਿਆਦਾ ਅੰਦਰ ਗੁਲਾਲ ਦੀ ਪਰੰਪਰਾ ਨਿਭਾਈ ਜਾਵੇਗੀ। ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਲੈਂਸਰ ਖੋਲ ਕੇ ਮੋਟਰਸਾਈਕਲਾਂ ਨਾ ਚਲਾਉਣ ਅਤੇ ਹੁੱਲੜਬਾਜ਼ੀ ਤੋਂ ਦੂਰ ਰਹਿਣ। ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਤੇ ਫੌਜ ਦਾ ਪਹਿਲਾ ਨਿਯਮ ਜਾਬਤਾ ਹੁੰਦਾ ਹੈ।
ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਇਸ ਸਾਲ ਦਾ ਹੋਲਾ ਮਹੱਲਾ ਚੜ੍ਹਦੀ ਕਲਾ, ਖਾਲਸੇ ਦੇ ਜਾਹੋ-ਜਲਾਲ ਅਤੇ ਪੂਰੀ ਮਰਿਆਦਾ ਨਾਲ ਮਨਾਇਆ ਜਾਵੇ, ਤਾਂ ਜੋ ਸੰਸਾਰ ਨੂੰ ਸਿੱਖੀ ਦਾ ਅਸਲ ਸੰਦੇਸ਼ — ਸਰਬੱਤ ਦਾ ਭਲਾ, ਵਾਤਾਵਰਣ ਦੀ ਸੰਭਾਲ ਅਤੇ ਅਨੁਸ਼ਾਸਨ — ਪ੍ਰਗਟ ਹੋ ਸਕੇ।
ਇਸ ਦੇ ਨਾਲ ਹੀ ਜਥੇਦਾਰ ਕੁਲਦੀਪ ਸਿੰਘ ਗੱਜ ਨੇ ਸੂਬਾ ਸਰਕਾਰ ਦੇ ਪ੍ਰਬੰਧਾਂ ਤੇ ਸਵਾਲ ਖੜੇ ਕਰਦੇ ਆ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰ ਵੱਲੋਂ ਬਣਾਈ ਗਈ ਸੜਕ ਟੁੱਟਣੀ ਵੀ ਸ਼ੁਰੂ ਹੋ ਚੁੱਕੀ ਹੈ। ਉਹਨਾਂ ਕੇ ਜਿਹੜੇ ਕੰਮ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਕਰ ਰਹੇ ਹਨ ਉਹ ਕੰਮ ਅਸਲ ਵਿੱਚ ਸਰਕਾਰਾਂ ਦੇ ਕਰਨ ਵਾਲਾ ਹੈ।
ਮੁੱਖ ਮੰਤਰੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬਣਨ ਵਾਲੀ ਹੈਰੀਟੇਜ ਸਟਰੀਟ ਦਾ ਨੀ ਪੱਥਰ ਰੱਖਿਆ ਗਿਆ ਸੀ ਪ੍ਰੰਤੂ ਉਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਉਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਤਰੱਕੀ ਹੋਵੇ ਪਰੰਤੂ ਇਸ ਸਬੰਧੀ ਹੋਲਾ ਮਹੱਲਾ ਉਪਰੰਤ ਮੀਟਿੰਗ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਹੈਰੀਟੇਜ ਸਟਰੀਟ ਬਣਾਉਣ ਦੇ ਲਈ 20 ਕਰੋੜ ਲਗਾਏ ਜਾਣੇ ਹਨ, ਉਨ੍ਹਾਂ ਕਿਹਾ ਕਿ ਇਹ ਨਾ ਹੋਵੇ ਕਿ 20 ਕਰੋੜ ਦੀ ਥਾਂ ਤੇ ਪੰਜ ਸੱਤ ਕਰੋੜ ਲਗਾ ਕੇ ਹੀ ਕੰਮ ਸਾਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਸਰਕਾਰ ਕੋਲੋਂ 20 ਕਰੋੜ ਦਾ ਹਿਸਾਬ ਲਿਆ ਜਾਵੇਗਾ।