ਜਸਟਿਸ ਡੀਵਾਈ ਚੰਦਰਚੂੜ ਨੇ ਦੇਸ਼ 50ਵੇਂ CJI ਵਜੋਂ ਚੁੱਕੀ ਸਹੁੰ

By  Pardeep Singh November 9th 2022 01:56 PM

ਨਵੀਂ ਦਿੱਲੀ: ਜਸਟਿਸ ਧਨੰਜੇ ਵਾਈ. ਚੰਦਰਚੂੜ ਨੇ ਅੱਜ ਦੇਸ਼ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਵਿੱਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਉਪ ਪ੍ਰਧਾਨ ਜਗਦੀਪ ਧਨਖੜ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਹੋਰ ਵੱਡੇ ਦਿੱਗਜ ਮੌਜੂਦ ਸਨ। ਉਹ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 8 ਨਵੰਬਰ ਨੂੰ ਖਤਮ ਹੋਇਆ ਸੀ। ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ।

ਕਾਰਜਕਾਲ 10 ਨਵੰਬਰ 2024

ਭਾਰਤ ਦੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਡੀ ਵਾਈ ਚੰਦਰਚੂੜ ਬੁੱਧਵਾਰ ਨੂੰ ਦੇਸ਼ ਦੀ ਨਿਆਂਪਾਲਿਕਾ ਦੇ 50ਵੇਂ ਮੁਖੀ ਬਣ ਗਏ ਹਨ। ਉਨ੍ਹਾਂ ਦਾ ਕਾਰਜਕਾਲ 10 ਨਵੰਬਰ 2024 ਤੱਕ ਰਹੇਗਾ। ਜਸਟਿਸ ਚੰਦਰਚੂੜ ਦੇ ਪਿਤਾ ਜਸਟਿਸ ਵੀ ਵਾਈ ਚੰਦਰਚੂੜ 2 ਫਰਵਰੀ 1978 ਤੋਂ 11 ਜੁਲਾਈ 1985 ਤੱਕ ਸੇਵਾ ਕਰ ਰਹੇ ਭਾਰਤ ਦੇ 16ਵੇਂ ਚੀਫ਼ ਜਸਟਿਸ ਸਨ। 

ਪ੍ਰਗਤੀਸ਼ੀਲ ਅਤੇ ਉਦਾਰਵਾਦੀ ਜੱਜ 
ਜਸਟਿਸ ਚੰਦਰਚੂੜ ਦੇਸ਼ ਦੇ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਜੱਜ ਵਜੋਂ ਜਾਣੇ ਜਾਂਦੇ ਹਨ ਤੇ ਉਨ੍ਹਾਂ ਨੂੰ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਲਈ ਬਹੁਤ ਸੰਵੇਦਨਸ਼ੀਲ ਵੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਕਿ ਜਸਟਿਸ ਚੰਦਰਚੂੜ ਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਹੈ ਦੁਰਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਦਾ ਸਖ਼ਤ ਰਵੱਈਆ। ਜਸਟਿਸ ਚੰਦਰਚੂੜ ਦਾ ਜਨਮ 11 ਨਵੰਬਰ 1959 ਨੂੰ ਹੋਇਆ ਸੀ ਤੇ ਉਨ੍ਹਾਂ ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਸਨ।

Related Post