Kapurthala House : ਭਗਵੰਤ ਮਾਨ ਜੀ, ਡਰ ਕਾਹਦਾ ? ਦਿੱਲੀ ਦੇ ਕਪੂਰਥਲਾ ਹਾਊਸ ਨੇ ਗਰਮਾਇਆ ਪੰਜਾਬ ਦਾ ਸਿਆਸੀ ਮਾਹੌਲ

Kapurthala House : ਦਿੱਲੀ ਦੇ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੀ ਟੀਮ ਪਹੁੰਚਣ ਨਾਲ ਹੰਗਾਮਾ ਖੜਾ ਹੋ ਗਿਆ ਹੈ, ਜਿਸ ਨੇ ਪੰਜਾਬ ਵਿੱਚ ਵੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਵਿਰੋਧੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।

By  KRISHAN KUMAR SHARMA January 30th 2025 07:14 PM -- Updated: January 30th 2025 07:36 PM

Kapurthala House : ਦਿੱਲੀ ਦੇ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੀ ਟੀਮ ਪਹੁੰਚਣ ਨਾਲ ਹੰਗਾਮਾ ਖੜਾ ਹੋ ਗਿਆ ਹੈ, ਜਿਸ ਨੇ ਪੰਜਾਬ ਵਿੱਚ ਵੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਦੀ ਇਸ ਕਾਰਵਾਈ ਨੂੰ ਜਿਥੇ ਛਾਪਾ ਦੱਸਿਆ ਜਾ ਰਿਹਾ ਹੈ, ਉਥੇ ਹੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ 'ਚ CVigil ਰਾਹੀਂ ਪੈਸੇ ਵੰਡੇ ਜਾਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਹ ਇਥੇ ਪਹੁੰਚੇ।

ਦੱਸ ਦਈਏ ਕਿ ਕਪੂਰਥਲਾ ਹਾਊਸ, ਦਿੱਲੀ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਹੈ, ਜਿਸ ਕਾਰਨ ਪੰਜਾਬ 'ਚ ਵਿਰੋਧੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ- ਭਗਵੰਤ ਮਾਨ ਜੀ, ਡਰ ਕਾਹਦਾ ?

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਸੀਐਮ ਮਾਨ ਦੀ ਰਿਹਾਇਸ਼ 'ਤੇ ਕਪੂਰਥਲਾ ਹਾਊਸ 'ਤੇ ਪੈਸੇ ਵੰਡਣ ਦੇ ਸਬੰਧ 'ਚ ਇਲੈਕਸ਼ਨ ਕਮਿਸ਼ਨ ਦੀ ਰੇਡ, ਇਹ ਇੱਕ ਬਹੁਤ ਹੀ ਗੰਭੀਰ ਇਲਜ਼ਾਮ ਹੈ। ਉਨ੍ਹਾਂ ਕਿਹਾ ਕਿ ਟੀਮ ਨੂੰ ਰਿਹਾਇਸ਼ ਅੰਦਰ ਜਾਣ ਤੋਂ ਰੋਕਿਆ ਕਿਉਂ ਗਿਆ?

ਕਲੇਰ ਨੇ ਕਿਹਾ, ''ਭਗਵੰਤ ਮਾਨ ਜੀ, ਡਰ ਕਾਹਦਾ ? ਜੇ ਸੱਚੇ ਹੋ ਤਾਂ ਇਲੈਕਸ਼ਨ ਕਮਿਸ਼ਨ ਨੂੰ ਅੰਦਰ ਜਾਣ ਦਿਓ , ਕਿਉਂਕਿ ਇਹ ਤੁਹਾਡੇ ਇਕੱਲੇ 'ਤੇ ਨਹੀਂ ਸਗੋਂ ਪੰਜਾਬ 'ਤੇ ਉਂਗਲ ਉਠੀ ਹੈ, ਪਰ ਇਲੈਕਸ਼ਨ ਕਮਿਸ਼ਨ ਨੂੰ ਇੱਕ ਘੰਟੇ ਤੋਂ ਵੱਧ ਰੋਕਣਾ ਤੁਹਾਡੇ ਸ਼ੱਕ ਨੂੰ ਹੋਰ ਵਧਾ ਰਿਹਾ ਹੈ।

ਦਿੱਲੀ ਦੇ ਵੋਟਰਾਂ ਨੂੰ ਭਰਮਾਉਣ ਦੀ ਘਟੀਆ ਹਰਕਤ : ਪ੍ਰਤਾਪ ਬਾਜਵਾ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ, ''ਆਮ ਆਦਮੀ ਪਾਰਟੀ ਆਪਣੀ ਪੰਜਾਬ ਇਕਾਈ ਨਾਲ ਮਿਲ ਕੇ ਦਿੱਲੀ ਦੇ ਵੋਟਰਾਂ ਨੂੰ ਪੈਸੇ ਅਤੇ ਸ਼ਰਾਬ ਨਾਲ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਪੁਲਿਸ ਪਹਿਲਾਂ ਹੀ ਪੰਜਾਬ-ਰਜਿਸਟਰਡ ਕਾਰ ਵਿੱਚੋਂ 8 ਲੱਖ ਰੁਪਏ ਨਕਦ, ਸ਼ਰਾਬ ਦੀਆਂ ਬੋਤਲਾਂ ਅਤੇ 'ਆਪ' ਦੇ ਪੈਂਫਲੇਟ ਜ਼ਬਤ ਕਰ ਚੁੱਕੀ ਹੈ, ਜਿਸ 'ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਿਆ ਹੋਇਆ ਹੈ।''

ਉਨ੍ਹਾਂ ਅੱਗੇ ਕਿਹਾ, ''ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਹੋਈਆਂ ਮੇਅਰ ਚੋਣਾਂ ਵਿੱਚ, 'ਆਪ' ਪੰਜਾਬ ਸਰਕਾਰ ਨੇ ਸਰਕਾਰੀ ਮਸ਼ੀਨਰੀ ਅਤੇ ਨੌਕਰਸ਼ਾਹੀ ਦੀ ਦੁਰਵਰਤੋਂ ਕਰਕੇ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਨੂੰ ਗੈਰ-ਲੋਕਤੰਤਰੀ ਢੰਗ ਨਾਲ ਚੁਣਿਆ। ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੀ ਝੰਡਾਬਰਦਾਰ ਹੋਣ ਦਾ ਮਾਣ ਕਰਨ ਵਾਲੀ ਪਾਰਟੀ ਹੁਣ ਇੰਨੀ ਨੀਵੀਂ ਪੱਧਰ 'ਤੇ ਡਿੱਗ ਗਈ ਹੈ ਕਿ ਉਹ ਚੋਣਾਂ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ।''

ਚੋਣ ਕਮਿਸ਼ਨ ਨੂੰ ਸਰਚ ਤੋਂ ਰੋਕਣਾ ਗਲਤ : ਗਰੇਵਾਲ

ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਪੰਜਾਬ ਭਾਜਪਾ ਬੁਲਾਰੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਟੀਮ ਕਪੂਰਥਲਾ ਹਾਊਸ 'ਚ ਸਰਚ ਲਈ ਪਹੁੰਚੀ ਹੈ, ਪਰ ਅਧਿਕਾਰੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੀ ਉਥੇ ਕੋਈ ਨਾਜਾਇਜ਼ ਚੀਜ਼ਾਂ ਰੱਖੀਆਂ ਹਨ? ਨਾਲ ਹੀ ਸੀਐਮ ਵੱਲੋਂ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਪੰਜਾਬ 'ਤੇ ਹਮਲਾ ਦੱਸਿਆ ਜਾ ਰਿਹਾ ਹੈ, ਪਰ ਜਦੋਂ ਤੁਸੀ ਵਿਰੋਧੀ ਧਿਰਾਂ ਦੇ ਆਗੂਆਂ ਜਾਂ ਲੀਡਰਾਂ-ਮੰਤਰੀਆਂ ਨੂੰ ਫੜਦੇ ਹੋ ਤਾਂ ਕੀ ਉਹ ਵੀ ਪੰਜਾਬ 'ਤੇ ਹਮਲਾ ? ਕੀ ਉਹ ਪੰਜਾਬ ਦੇ ਨਹੀਂ ਹੁੰਦੇ ?

ਗਰੇਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਸੰਵਿਧਾਨ ਸੰਸਥਾ ਹੈ ਅਤੇ ਸ਼ਿਕਾਇਤ ਮਿਲਣ 'ਤੇ ਉਹ ਸਰਚ ਲਈ ਪਹੁੰਚੀ, ਪਰ ਉਸ ਨੂੰ ਰੋਕਿਆ ਜਾਣਾ, ਮਨਜੂਰ ਨਹੀਂ ਹੋਣਾ ਚਾਹੀਦਾ। ਤੁਸੀ ਇਸ ਦਾ ਸਾਹਮਣਾ ਕਰੋ, ਜੇ ਸੱਚੇ ਹੋਏ ਤਾਂ ਲੋਕ ਤੁਹਾਨੂੰ ਸਹੀ ਕਹਿਣਗੇ।

Related Post