ਕਿਸਾਨਾਂ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਸਰਕਾਰ, ਖਨੌਰੀ ਨੇੜੇ ਲਾਏ ਬੈਰੀਕੇਡ

By  KRISHAN KUMAR SHARMA February 7th 2024 12:02 PM

ਚੰਡੀਗੜ੍ਹ: 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਤਿਆਰੀਆਂ ਕਮਰਕੱਸੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਖਨੌਰੀ ਮਾਰਗ 'ਤੇ ਬੈਰੀਕੇਡ ਅਤੇ ਸੀਮਿੰਟ ਦੀਆਂ ਸਲੈਬਾਂ ਰੱਖ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਮੁੜ ਸੰਘਰਸ਼ ਦਾ ਐਲਾਨ ਕੀਤਾ ਹੈ ਅਤੇ 13 ਫਰਵਰੀ ਨੂੰ ਦਿੱਲੀ ਇਕੱਠੇ ਹੋਣਾ ਹੈ, ਜਿਸ ਦੀਆਂ ਤਿਆਰੀਆਂ ਲਈ ਪ੍ਰਦਰਸ਼ਨ ਅਤੇ ਮਾਰਚ ਕੀਤੇ ਜਾ ਰਹੇ ਹਨ।

ਦੇਖਿਆ ਜਾ ਸਕਦਾ ਹੈ ਕਿ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਸਥਿਤ ਕਸਬਾ ਖਨੌਰੀ ਨੇੜੇ ਹਰਿਆਣਾ ਪੁਲਿਸ ਵਲੋਂ ਲੋਹੇ ਦੇ ਬੈਰੀਕੇਡ ਅਤੇ ਮੁੱਖ ਮਾਰਗ ਦੇ ਕਿਨਾਰੇ ਸੀਮਿੰਟ ਦੀਆਂ ਸਲੈਬਾਂ ਰੱਖੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚੇ (ਗੈਰ- ਰਾਜਨੀਤਿਕ ਅਤੇ ਕਈ ਹੋਰ ਜਥੇਬੰਦੀਆਂ) ਵੱਲੋਂ ਦਿੱਲੀ ਕੂਚ ਕਰਨ ਦੇ ਦਿੱਤੇ ਗਏ ਸੱਦੇ 'ਤੇ ਜਿਥੇ ਕਿਸਾਨ ਵੀ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਉਥੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਵੀ ਕਰੀਬ ਤਿੰਨ ਸਾਲ ਪਹਿਲਾਂ ਵਾਂਗ ਹੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਦੀਆਂ ਤਿਆਰੀਆਂ ਅਰੰਭ ਦਿੱਤੀਆਂ ਹਨ।

26 ਨਵੰਬਰ 2020 'ਚ ਵੀ ਕਿਸਾਨ ਬੈਰੀਕੇਡ ਤੋੜ ਕੇ ਪਹੁੰਚੇ ਸਨ ਦਿੱਲੀ

ਦੱਸਣਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸੂਬੇ ਦੇ ਵੱਡੀ ਗਿਣਤੀ ਵਿਚ ਕਿਸਾਨ ਆਪਣੇ ਟਰੈਕਟਰਾਂ ਤੇ ਕਾਰਾਂ ਜੀਪਾਂ 'ਤੇ ਸਵਾਰ ਹੋ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਰੋਸ ਧਰਨਾ ਦਿੱਤੇ ਜਾਣ ਲਈ ਖਨੌਰੀ ਬਾਰਡਰ 'ਤੇ ਪਹੁੰਚੇ ਸਨ ਤਾਂ ਉਸ ਵੇਲੇ ਵੀ ਹਰਿਆਣਾ ਪੁਲਿਸ ਦੁਆਰਾ ਬਾਰਡਰ ਪੂਰੀ ਤਰ੍ਹਾਂ ਸੀਲ ਕਰਕੇ ਕਿਸਾਨਾਂ ਨੂੰ ਹਰਿਆਣਾ 'ਚ ਦਾਖਲ ਹੋਣ ਤੋਂ ਦੋ ਤਿੰਨ ਦਿਨ ਤੱਕ ਰੋਕੀ ਰੱਖਿਆ ਸੀ ਲੇਕਿਨ 26 ਨਵੰਬਰ 2020 ਨੂੰ ਨੌਜਵਾਨ ਕਿਸਾਨਾਂ ਨੇ ਪੁਲਿਸ ਵਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਹਰਿਆਣਾ ਵਿਚ ਪ੍ਰਵੇਸ਼ ਕਰਦਿਆਂ ਦਿੱਲੀ ਵਿਖੇ ਪਹੁੰਚ ਕੇ ਟਿਕਰੀ ਬਾਰਡਰ 'ਤੇ ਧਰਨਾ ਲਗਾਇਆ ਸੀ।

ਹਰਿਆਣਾ ਪੁਲਿਸ ਵੱਲੋਂ ਸੰਗਰੂਰ ਦਿੱਲੀ ਮੁੱਖ ਮਾਰਗ 'ਤੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਨੇੜੇ ਸਥਿਤ ਪੰਜਾਬ ਹਰਿਆਣਾ ਬਾਰਡਰ 'ਤੇ ਬੈਰੀਕੇਡ ਅਤੇ ਸੀਮਿੰਟ ਦੀਆਂ ਵੱਡੀਆਂ ਵੱਡੀਆਂ ਸਲੈਬਾਂ ਲਿਆ ਕੇ ਧਰ ਦਿੱਤੀਆਂ ਗਈਆਂ ਹਨ, ਜਿਸ ਨਾਲ ਪੰਜਾਬ ਹਰਿਆਣਾ ਨੂੰ ਆਪਸ ਵਿਚ ਜੋੜਨ ਵਾਲੇ ਇਸ ਬਾਰਡਰ 'ਤੇ ਨਵੰਬਰ 2020 ਵਿਚ ਹੋਏ ਘਟਨਾਕ੍ਰਮ ਦੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ।

ਜਦੋਂ ਇਸ ਸਬੰਧੀ ਹਰਿਆਣਾ ਐਸਐਚਓ ਗੜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਕੋਈ ਆਦੇਸ਼ ਨਹੀਂ ਆਏ।

Related Post