ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਪਰਾਲੀ ਤੇ ਹੜ੍ਹ ਦੇ ਮਸਲੇ ਤੇ ਸੰਘਰਸ਼ ਦਾ ਐਲਾਨ, 6 ਨੂੰ ਫੂਕੇ ਜਾਣਗੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਤਲੇ

ਸੂਬਾ ਆਗੂ ਸਰਵਣ ਸਿੰਘ ਪੰਧੇਰ (Sarwan Singh Pandher), ਸਵਿੰਦਰ ਸਿੰਘ ਚੁਤਾਲਾ ਅਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਗਰਾਹਾਂ ਸਾਬ੍ਹ ਵੱਲੋਂ ਇਹ ਬਿਆਨ ਦੇ ਕੇ 23 ਸਾਲ ਦੇ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਬੱਲੋ ਸਮੇਤ 40 ਤੋਂ ਵੱਧ ਸ਼ਹੀਦਾਂ ਅਤੇ 400 ਤੋਂ ਵੱਧ ਜਖਮੀਆਂ ਦੀ ਕੁਰਬਾਨੀ ਤੇ ਸਵਾਲ ਚੱਕਿਆ ਹੈ।

By  KRISHAN KUMAR SHARMA October 2nd 2025 08:37 PM -- Updated: October 2nd 2025 08:43 PM

Kisan-Majdoor Sangharsh Committee : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਅਤੇ ਐਸ.ਕੇ.ਐਮ. ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ 401 ਦਿਨ ਚੱਲੇ ਦਿੱਲੀ ਅੰਦੋਲਨ-2 'ਤੇ ਭਾਜਪਾ ਨਾਲ ਰਲ ਕੇ ਲਗਾਉਣ ਵਰਗੇ ਦੋਸ਼ਾਂ ਨੂੰ ਬੇਬੁਨਿਆਦ ਤੇ ਤੱਥਹੀਣ ਦੱਸਦੇ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਿਖੇਧੀ ਮਤਾ ਪਾਸ ਕੀਤਾ ਗਿਆ।

ਸੂਬਾ ਆਗੂ ਸਰਵਣ ਸਿੰਘ ਪੰਧੇਰ (Sarwan Singh Pandher), ਸਵਿੰਦਰ ਸਿੰਘ ਚੁਤਾਲਾ ਅਤੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਗਰਾਹਾਂ ਸਾਬ੍ਹ ਵੱਲੋਂ ਇਹ ਬਿਆਨ ਦੇ ਕੇ 23 ਸਾਲ ਦੇ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਬੱਲੋ ਸਮੇਤ 40 ਤੋਂ ਵੱਧ ਸ਼ਹੀਦਾਂ ਅਤੇ 400 ਤੋਂ ਵੱਧ ਜਖਮੀਆਂ ਦੀ ਕੁਰਬਾਨੀ ਤੇ ਸਵਾਲ ਚੱਕਿਆ ਹੈ। ਉਹਨਾਂ ਨੂੰ ਆਪਣੇ ਬਿਆਨ ਨੂੰ ਵਾਪਿਸ ਲੈਂਦੇ ਹੋਏ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ।

ਸੂਬਾ ਆਗੂ ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ ਅਤੇ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਪਰਾਲੀ ਸਾੜਨ ਤੇ ਕਿਸਾਨਾਂ 'ਤੇ ਜੋ ਪਰਚੇ ਅਤੇ ਜੁਰਮਾਨੇ ਕੀਤੇ ਜਾ ਰਹੇ ਹਨ, ਹੜ੍ਹਾਂ ਵਿਚ ਪੰਜਾਬ ਸਰਕਾਰ ਦੀ ਨਖਿੱਦ ਕਾਰਗੁਜਾਰੀ ਅਤੇ ਨਾਕਾਫੀ ਮੁਆਵਜਿਆਂ ਦੇ ਸਬੰਧ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਜਥੇਬੰਦੀ ਵੱਲੋਂ ਪੰਜਾਬ ਅੰਦਰ ਸੈਕੜੇ ਥਾਵਾਂ ਤੇ ਵੱਡੇ ਇੱਕਠ ਕਰਕੇ 6 ਅਕਤੂਬਰ ਨੂੰ ਭਗਵੰਤ ਮਾਨ ਅਤੇ ਮੋਦੀ ਸਰਕਾਰ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਜਾਣਗੇ। 

ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ, ਜਰਮਨਜੀਤ ਬੰਡਾਲਾ ਅਤੇ ਗੁਰਲਾਲ ਸਿੰਘ ਪੰਡੋਰੀ ਨੇ ਜਾਣਕਾਰੀ ਦਿੱਤੀ ਕਿ ਬਿਜਲੀ ਦੇ ਨਿੱਜੀਕਰਨ ਖਿਲਾਫ ਆਉਂਦੇ ਦਿਨਾਂ ਵਿੱਚ ਵੱਡੇ ਐਕਸ਼ਨ ਉਲੀਕਣ ਲਈ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਦੀਆਂ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨਾਲ 15 ਅਕਤੂਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ, ਇਸ ਮੀਟਿੰਗ ਵਿੱਚ ਜ਼ੋ ਵੀ ਐਕਸ਼ਨ ਉਲੀਕਿਆ ਜਾਵੇਗਾ ਜਥੇਬੰਦੀ ਵੱਲੋਂ ਪੂਰੇ ਜੋਰ ਨਾਲ ਲਾਗੂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਖਾਸ ਕਰਕੇ ਪਰਾਲੀ ਦੇ ਮੁੱਦੇ ਤੇ ਸਾਲਾਨਾ ਪ੍ਰਦੂਸ਼ਣ ਦਾ ਮਾਤਰ 6% ਹਿੱਸਾ ਬਣਨ ਵਾਲੇ ਕਿਸਾਨ ਨੂੰ ਖੂੰਖਾਰ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ 94% ਵਾਲੇ ਕਾਰੋਬਾਰੀ ਅਦਾਰਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ।

ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਕਿਸਾਨ ਇਸ ਮਸਲੇ ਵਿੱਚ ਪੀੜਤ ਹੈ ਪਾਪੀ ਨਹੀਂ,  ਕਿਸਾਨ ਕਿਸੇ ਵੀ ਤਰ੍ਹਾਂ ਦੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ ਪਰ ਨਾ ਓਸਨੂੰ ਇਸਦਾ ਕੋਈ ਬਦਲ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਝੋਨੇ ਕਣਕ ਨੂੰ ਛੱਡ 23 ਫ਼ਸਲਾਂ ਦੀ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ। ਉਹਨਾਂ ਕਿਹਾ ਕਿ ਜਥੇਬੰਦੀ ਪ੍ਰਸ਼ਾਸ਼ਨ ਵੱਲੋਂ ਕਿਸੇ ਕਿਸਾਨ ਦੀ ਗ੍ਰਿਫਤਾਰੀ ਕਰਨ ਤੇ ਤਿੱਖਾ ਪ੍ਰਤੀਕਰਮ ਕਰੇਗੀ। ਉਹਨਾਂ ਦੱਸਿਆ ਕਿ 3 ਅਕਤੂਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਤੋਂ 17 ਸੈਕਟਰ ਤੱਕ ਦਿੱਲੀ ਅੰਦੋਲਨ 1 ਦੌਰਾਨ ਹੋਏ ਲਖੀਮਪੁਰ ਖੀਰੀ ਦੇ ਸ਼ਹੀਦਾਂ ਲਈ ਕੈਂਡਲ ਮਾਰਚ ਕਰਦੇ ਹੋਏ ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਟੈਂਨੀ ਸਮੇਤ ਸਾਰੇ ਦੋਸ਼ੀਆਂ ਲਈ ਸਜ਼ਾਵਾਂ ਦੀ ਮੰਗ ਕੀਤੀ ਜਾਵੇਗੀ।

Related Post