ਦੁਸ਼ਮਣਾ ਦੇ ਡਰੋਨਾਂ ਨੂੰ ਹੇਠਾਂ ਲਿਆਉਣ ਲਈ ਇੱਲਾਂ ਤੇ ਕੁੱਤਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ

By  Jasmeet Singh December 1st 2022 09:26 AM -- Updated: December 1st 2022 09:29 AM

ਨਵੀਂ ਦਿੱਲੀ, 30 ਨਵੰਬਰ: ਭਾਰਤੀ ਫੌਜ ਮੇਰਠ ਵਿੱਚ ਰਿਮਾਉਂਟ ਵੈਟਰਨਰੀ ਕੋਰ ਵਿੱਚ ਅਜਿਹੇ ਮਿਸ਼ਨਾਂ ਲਈ ਇੱਲਾਂ ਅਤੇ ਕੁੱਤਿਆਂ ਨੂੰ ਸਿਖਲਾਈ ਦੇ ਰਹੀ ਹੈ ਜਿਸ ਨਾਲ ਦੁਸ਼ਮਣ ਦੇ ਡਰੋਨ ਨੂੰ ਦੇਖ ਕੇ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਅਤੇ ਇੱਲ ਕਮਾਂਡੋ ਦੁਸ਼ਮਣ ਦੇ ਡਰੋਨ ਨੂੰ ਆਪਣੇ ਪੰਜੇ ਨਾਲ ਫੜ ਕੇ ਮਾਰ ਗਿਰਾਉਂਦਾ। 

ਭਾਰਤੀ ਫੌਜ ਨੇ ਉੱਤਰਾਖੰਡ ਦੇ ਔਲੀ ਵਿਖੇ ਚੱਲ ਰਹੇ ਯੁੱਧ ਅਭਿਆਸ ਦੌਰਾਨ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਹਮਲਾਵਰ ਕੁੱਤਿਆਂ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਭਾਰਤੀ ਫੌਜ ਦੇ ਜਵਾਨਾਂ ਨੇ ਦੁਸ਼ਮਣ ਦੇ ਡਰੋਨਾਂ ਦਾ ਸ਼ਿਕਾਰ ਕਰਨ ਲਈ ਪਹਿਲੀ ਵਾਰ ਸਿਖਲਾਈ ਪ੍ਰਾਪਤ ਇੱਲਾਂ ਦੀ ਵਰਤੋਂ ਕੀਤੀ। ਅਭਿਆਸ ਵਿੱਚ ਫੌਜ ਨੇ ਦੁਸ਼ਮਣ ਦੇ ਡਰੋਨਾਂ ਨੂੰ ਲੱਭਣ ਅਤੇ ਨਸ਼ਟ ਕਰਨ ਲਈ ਸਿਖਲਾਈ ਪ੍ਰਾਪਤ ਇੱਲਾਂ ਅਤੇ ਕੁੱਤਿਆਂ ਨੂੰ ਕੰਮ ਸੌਂਪਿਆ। ਇਸ ਤੋਂ ਬਾਅਦ ਫੌਜ ਨੇ ਡਰੋਨ ਨੂੰ ਉਡਾਇਆ। ਡਰੋਨ ਦੇ ਉੱਡਣ ਦੀ ਅਵਾਜ਼ ਸੁਣ ਕੇ ਜਿਵੇਂ ਹੀ ਕੁੱਤੇ ਭੌਂਕਣ ਲੱਗੇ ਤਾਂ ਸਿੱਖਿਅਤ ਇੱਲ ਅਰਜੁਨ ਨੇ ਉੱਡ ਡਰੋਨ ਨੂੰ ਆਪਣੇ ਪੰਜਿਆਂ ਨਾਲ ਫੜ ਕੇ ਹੇਠਾਂ ਡੇਗ ਦਿੱਤਾ।


ਦਰਅਸਲ ਪਾਕਿਸਤਾਨ ਤੋਂ ਲਗਾਤਾਰ ਆ ਰਹੇ ਡਰੋਨ ਭਾਰਤੀ ਸੈਨਾ ਅਤੇ ਬੀਐਸਐਫ ਲਈ ਮੁਸੀਬਤ ਬਣ ਰਹੇ ਹਨ। ਪੰਜਾਬ, ਕਸ਼ਮੀਰ ਅਤੇ ਜੰਮੂ ਵਿੱਚ ਹਰ ਰੋਜ਼ ਦੁਸ਼ਮਣ ਦੇ ਡਰੋਨ ਉੱਡਦੇ ਦੇਖੇ ਜਾ ਰਹੇ ਹਨ। ਲਗਭਗ ਹਰ ਰੋਜ਼ ਬੀਐਸਐਫ ਦੇ ਜਵਾਨ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਨੂੰ ਗੋਲੀਬਾਰੀ ਕਰ ਰਹੇ ਹਨ ਅਤੇ ਨਸ਼ਟ ਕਰਨ 'ਤੇ ਲੱਗੇ ਹੋਏ ਹਨ। ਇਸ ਲਈ ਫੌਜ ਨੇ ਡਰੋਨ ਨਾਲ ਨਜਿੱਠਣ ਲਈ ਇੱਕ ਨਵਾਂ ਵਿਚਾਰ ਲਿਆ ਅਤੇ ਇਸਦੇ ਲਈ ਮੇਰਠ ਵਿੱਚ ਰੀਮਾਉਂਟ ਵੈਟਰਨਰੀ ਕੋਰ ਵਿੱਚ ਇੱਲ ਅਤੇ ਕੁੱਤਿਆਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ। ਹੁਣ ਆਪਣੀ ਸਿਖਲਾਈ ਪੂਰੀ ਹੋਣ ਤੋਂ ਬਾਅਦ ਇਹ ਇੱਲਾਂ ਫੌਜ ਦੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਨਾਲ 'ਐਂਟੀ ਡਰੋਨ ਸਿਸਟਮ' ਬਣ ਜਾਣਗੇ।


ਹੁਣ ਇਨ੍ਹਾਂ ਇੱਲਾਂ ਅਤੇ ਕੁੱਤਿਆਂ ਦੀ ਮਦਦ ਨਾਲ ਪਾਕਿਸਤਾਨ ਜਾਂ ਚੀਨ ਦੇ ਡਰੋਨਾਂ ਨੂੰ ਡੇਗਣ ਲਈ ਐਂਟੀ ਡਰੋਨ ਗਨ ਦੀ ਲੋੜ ਨਹੀਂ ਪਵੇਗੀ। ਟਰਾਇਲ ਪੂਰਾ ਹੋਣ ਤੋਂ ਬਾਅਦ ਜਲਦੀ ਹੀ ਇਹ ਇੱਲਾਂ ਅਤੇ ਕੁੱਤੇ ਫੌਜ ਦਾ ਹਿੱਸਾ ਹੋਣਗੇ। ਫਿਰ ਇਨ੍ਹਾਂ ਇੱਲਾਂ ਅਤੇ ਕੁੱਤਿਆਂ ਨੂੰ ਸਰਹੱਦ ਦੇ ਨੇੜੇ ਫੌਜੀ ਚੌਕੀਆਂ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ, ਜਿੱਥੋਂ ਉਹ ਦੁਸ਼ਮਣ ਦੇ ਡਰੋਨਾਂ 'ਤੇ ਹਮਲਾ ਕਰਨਗੇ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੂੰ ਮਾਰ ਦੇਣਗੇ। ਇਨ੍ਹਾਂ ਇੱਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਉੱਚਾਈ 'ਤੇ ਉੱਡਦੇ ਹਨ ਅਤੇ ਆਪਣੀ ਤਿੱਖੀ ਨਜ਼ਰ ਕਾਰਨ ਦੂਰ ਤੱਕ ਦੇਖ ਸਕਦੇ ਹਨ। ਹੁਣ ਦੁਸ਼ਮਣ ਚਾਹੇ ਵੀ ਤਾਂ ਆਪਣੇ ਡਰੋਨ ਨੂੰ ਇੱਲ ਦੇ ਹਮਲੇ ਤੋਂ ਨਹੀਂ ਬਚਾ ਸਕੇਗਾ।

ਦਰਅਸਲ ਡਰੋਨ ਰਾਡਾਰ ਦੀ ਨਜ਼ਰ ਵਿੱਚ ਨਹੀਂ ਆਉਂਦੇ ਅਤੇ ਕਈ ਵਾਰ ਇਹ ਇੰਨੇ ਹੇਠਾਂ ਉੱਡ ਜਾਂਦੇ ਹਨ ਕਿ ਉਨ੍ਹਾਂ ਨੂੰ ਰਾਡਾਰ ਦੁਆਰਾ ਫੜਿਆ ਨਹੀਂ ਜਾ ਸਕਦਾ। ਖੁੱਲ੍ਹੇ ਬਾਜ਼ਾਰ ਵਿੱਚ ਛੋਟੇ ਡਰੋਨ ਵੀ ਉਪਲਬਧ ਹਨ, ਜਿਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਉਡਾ ਸਕਦਾ ਹੈ। ਇਨ੍ਹਾਂ ਡਰੋਨਾਂ ਦੀ ਮਦਦ ਨਾਲ ਹਥਿਆਰਾਂ, ਨਸ਼ਿਆਂ ਆਦਿ ਦੀ ਤਸਕਰੀ ਵੀ ਕੀਤੀ ਜਾਂਦੀ ਹੈ, ਇਸ ਲਈ ਅਜਿਹੇ ਡਰੋਨਾਂ ਨੂੰ ਇੱਲਾਂ ਦੀ ਮਦਦ ਨਾਲ ਮਾਰਨ ਦੀ ਯੋਜਨਾ ਕਾਰਗਰ ਸਾਬਤ ਹੋਵੇਗੀ। 

Related Post