Harjot Bains Viral Video : ਕੀ ਹੁਣ 'ਆਪ' ਦੇ ਮੰਤਰੀਆਂ ਨੂੰ ਵੀ ਸਕੂਲ ਜਾਣ ਦੀ ਹੈ ਲੋੜ ? ਵਾਇਰਲ ਹੋਈ AAP ਦੇ 'ਸਿਖਯਾ' ਮਾਡਲ ਦੀ ਤਸਵੀਰ
Harjot Bains Viral Video : ਕੀ ਹੁਣ 'ਆਪ' ਦੇ ਮੰਤਰੀਆਂ ਨੂੰ ਵੀ ਸਕੂਲ ਜਾਣ ਦੀ ਹੈ ਲੋੜ ? ਇਹ ਸਵਾਲ ਇਸ ਲਈ ਹੈ ਕਿਉਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ 'ਚ ਦਿੱਲੀ ਦੇ ਸਿੱਖਿਆ ਮਾਡਲਾਂ ਨੂੰ ਲਾਗੂ ਕਰਨ ਅਤੇ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਹਨ। ਨਾਲ ਹੀ ਸਿੱਖਿਆ ਕ੍ਰਾਂਤੀ ਦੇ ਦਮਗਜਿਆਂ ਵੱਜੋਂ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਵੀ ਘੱਲਿਆ ਗਿਆ ਹੈ, ਪਰੰਤੂ ਹੁਣ ਵਾਇਰਲ ਹੋਈ ਤਾਜ਼ਾ ਵੀਡੀਓ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿਹੜੀ ਸਿੱਖਿਆ ਮੰਤਰੀ ਦੀ ਖੁਦ ਦੀ ਵੀਡੀਓ 'ਤੇ ਮਾਂ ਬੋਲੀ ਪੰਜਾਬੀ ਦੇ ਸ਼ਬਦਜੋੜਾਂ ਨੂੰ ਗਲਤ ਦਰਸਾ ਰਹੀ ਹੈ।
ਸਿੱਖਿਆ ਮੰਤਰੀ ਦੀ ਵੀਡੀਓ 'ਚ ਕੀ ?ਪੰਜਾਬ ਦੇ ਸਰਕਾਰੀ ਸਕੂਲਾਂ ‘ਚ 7 ਫ਼ਰਵਰੀ ਨੂੰ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੋ ਰਹੀ ਪੇਰੈਂਟ ਵਰਕਸ਼ਾਪ !!
ਸਿੱਖਿਆ ਮੰਤਰੀ @harjotbains ਨੇ ਬੱਚਿਆਂ ਦੇ ਮਾਪਿਆਂ ਨੂੰ ਪੁੱਜਣ ਦੀ ਕੀਤੀ ਅਪੀਲ
ਕਿਹਾ, ਬੱਚਿਆਂ ਦਾ ਸਰਵਪੱਖੀ ਵਿਕਾਸ ਘਰ ਅਤੇ ਸਕੂਲ ਦੀ ਸਾਂਝੀ ਜ਼ਿੰਮੇਵਾਰੀ ਹੈ। ਬੱਚਿਆਂ ਦੀ ਪੜ੍ਹਾਈ ਵਿੱਚ ਮਾਪਿਆਂ ਦੀ ਸਰਗਰਮ ਭੂਮਿਕਾ… pic.twitter.com/ppb9fVzCuA — AAP Punjab (@AAPPunjab) February 6, 2026
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਪੇਜ਼ 'ਤੇ 6 ਫਰਵਰੀ ਰਾਤ 9 :17 ਮਿੰਟ ਦੀ ਪੋਸਟ ਕੀਤੀ ਨਜ਼ਰ ਆ ਰਹੀ ਹੈ। ਇਸ ਵਿੱਚ ਮੰਤਰੀ ਵੱਲੋਂ ਮਾਪਿਆਂ ਨੂੰ 7 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਸੰਬੋਧਨ ਕੀਤਾ ਗਿਆ। ਪਰੰਤੂ ਜਦੋਂ ਵੀਡੀਓ ਸ਼ੁਰੂ ਹੁੰਦੀ ਹੈ ਤਾਂ ਇਸ ਨੇ ਆਮ ਆਦਮੀ ਪਾਰਟੀ ਦੇ ਸਿੱਖਿਆ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ।

ਵੀਡੀਓ ਦੇ ਸ਼ੁਰੂ ਵਿੱਚ ਮੰਤਰੀ ਹਰਜੋਤ ਬੈਂਸ ਦਾ ਹੇਠਾਂ ਅਹੁਦਾ ਲਿਖਿਆ ਆਉਂਦਾ ਹੈ, ਜਿਸ ਨੂੰ ਸਿੱਖਿਆ ਦੀ ਥਾਂ 'ਸਿਖਯਾ' ਲਿਖਿਆ ਹੋਇਆ ਹੈ। ਇਥੇ ਹੀ ਬੱਸ ਨਹੀਂ ਸਗੋਂ ਵੀਡੀਓ ਦੇ ਅੱਗੇ ਦੋ ਹਿੱਸਿਆਂ ਵਿੱਚ ਮੀਟਿੰਗ ਬਾਰੇ ਸੁਨੇਹਾ ਦਿੰਦੇ - 'ਸਵੇਰੇ 8 ਬਜੇ ਤੋਂ ਦੁਪਹਿਰ 2 ਬਜੇ ਤੱਕ' ਲਿਖਿਆ ਗਿਆ।
ਵਿਰੋਧੀ ਧਿਰਾਂ ਨੇ ਘੇਰੀ ਸਰਕਾਰ
ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ 'ਤੇ ਮਾਂ ਬੋਲੀ ਦੇ ਅਜਿਹੇ ਗਲਤ ਸ਼ਬਦਜੋੜ ਨੂੰ ਲੈ ਕੇ ਤਿੱਖਾ ਨਿਸ਼ਾਨਾ ਲਾਇਆ ਜਾ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਮੰਤਰੀ ਦੀ ਵੀਡੀਓ 'ਤੇ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਅਜਿਹੀ ਲਾਪਰਵਾਹੀ ਵਰਤੀ ਜਾ ਰਹੀ ਹੈ ਤਾਂ ਫਿਰ ਪੰਜਾਬ ਦੇ ਸਕੂਲਾਂ ਵਿੱਚ ਕਿਹੋ ਜਿਹਾ ਹਾਲ ਹੋਵੇਗਾ, ਇਸ ਦਾ ਸਹਿਜੇ ਹੀ ਅੰਦਾਜਿਆ ਲਗਾਇਆ ਜਾ ਸਕਦਾ ਹੈ।
- PTC NEWS