UPSC ਪ੍ਰੀਖਿਆ ਚ ਮੱਲ ਮਾਰਨ ਵਾਲੀ ਕ੍ਰਿਤਿਕਾ ਚੌਧਰੀ ਦਾ ਪਿੰਡ ਟਿੱਬਾ ਨੰਗਲ ਚ ਹੋਇਆ ਸ਼ਾਨਦਾਰ ਸਨਮਾਨ

Kritika Chaudhary UPSC 2026 : ਮਾਤਾ ਦੁਰਗਾ ਮੰਦਰ ਵਿਖੇ ਆਯੋਜਿਤ ਇਸ ਸਮਾਰੋਹ ਦੌਰਾਨ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ, ਢੋਲ-ਧਮਾਕਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਕ੍ਰਿਤਿਕਾ ਅਤੇ ਉਨ੍ਹਾਂ ਦੇ ਪਿਤਾ ਇੰਸਪੈਕਟਰ ਰਾਜੀਵ ਚੌਧਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

By  KRISHAN KUMAR SHARMA March 18th 2026 04:19 PM -- Updated: March 18th 2026 04:20 PM

UPSC ਪ੍ਰੀਖਿਆ ਵਿੱਚ ਉੱਚਾ ਰੈਂਕ ਹਾਸਲ ਕਰਕੇ ਪਰਿਵਾਰ, ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਕ੍ਰਿਤਿਕਾ ਚੌਧਰੀ ਦਾ ਪਿੰਡ ਟਿੱਬਾ ਨੰਗਲ ਵਿੱਚ ਸ਼ਾਨਦਾਰ ਸਨਮਾਨ ਕੀਤਾ ਗਿਆ। ਮਾਤਾ ਦੁਰਗਾ ਮੰਦਰ ਵਿਖੇ ਆਯੋਜਿਤ ਇਸ ਸਮਾਰੋਹ ਦੌਰਾਨ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ, ਢੋਲ-ਧਮਾਕਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਕ੍ਰਿਤਿਕਾ ਅਤੇ ਉਨ੍ਹਾਂ ਦੇ ਪਿਤਾ ਇੰਸਪੈਕਟਰ ਰਾਜੀਵ ਚੌਧਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪਿੰਡ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਵੇਖਣ ਨੂੰ ਮਿਲਿਆ।

ਕ੍ਰਿਤਿਕਾ ਚੌਧਰੀ ਗੁੱਜਰ ਭਾਈਚਾਰੇ ਨਾਲ ਸੰਬੰਧਤ ਹੋਣ ਕਾਰਨ ਇਸ ਕਾਮਯਾਬੀ 'ਤੇ ਸਮੁੱਚੇ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਮਾਰੋਹ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕ੍ਰਿਤਿਕਾ ਦੀ ਇਹ ਉਪਲਬਧੀ ਸਿਰਫ਼ ਉਸਦੇ ਪਰਿਵਾਰ ਲਈ ਨਹੀਂ, ਸਗੋਂ ਸਾਰੇ ਇਲਾਕੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕ੍ਰਿਤਿਕਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨੌਜਵਾਨਾਂ, ਖਾਸ ਕਰਕੇ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ।


ਇਸ ਮੌਕੇ ਕ੍ਰਿਤਿਕਾ ਚੌਧਰੀ ਨੇ ਕਿਹਾ ਕਿ ਉਹ ਇਸ ਪਿਆਰ ਅਤੇ ਸਨਮਾਨ ਲਈ ਦਿਲੋਂ ਆਭਾਰੀ ਹੈ। ਉਨ੍ਹਾਂ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦਾ ਵੱਡਾ ਯੋਗਦਾਨ ਹੈ ਅਤੇ ਉਹ ਭਵਿੱਖ ਵਿੱਚ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਂਦਿਆਂ ਸਮਾਜ ਦੀ ਭਲਾਈ ਲਈ ਕੰਮ ਕਰਨਗੇ।

ਉਨ੍ਹਾਂ ਦੇ ਪਿਤਾ ਰਾਜੀਵ ਚੌਧਰੀ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲਾ ਹੈ ਅਤੇ ਧੀ ਦੀ ਕਾਮਯਾਬੀ ਉਸਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਅੰਤ ਵਿੱਚ ਕ੍ਰਿਤਿਕਾ ਨੂੰ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

Related Post