ਜਿਸ ਸੰਤ ਦਾ ਕਰਨ ਔਜਲਾ ਨੇ ਆਪਣੇ ਗਾਣੇ 'ਚ ਕੀਤਾ ਜ਼ਿਕਰ, ਮਹੀਨੇ ਬਾਅਦ ਵੀ ਸ਼ੋਸ਼ਲ ਮੀਡੀਆ 'ਤੇ ਜਾਰੀ ਇਸਦੀ ਚਰਚਾ

By  Jasmeet Singh June 2nd 2023 02:58 PM -- Updated: June 2nd 2023 05:53 PM

"ਨਸ਼ਾ ਥੋਡੇ ਅੰਦਰ ਕੋਈ ਲੋੜ ਹੈ ਨੀ ਪੀਣ ਦੀ, ਪਿੱਠ ਕਦੇ ਲਗਦੀ ਨਹੀਂ ਨਾਮ ਦੇ ਸ਼ੌਕੀਨ ਦੀ, ਥੋਨੂੰ ਥੋਡੇ ਅੰਦਰੋ ਅਵਾਜ਼ ਸ਼ਾਇਦ ਆ ਜਾਵੇ, ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ" ਇਹ ਉਹ ਅਲਫਾਜ਼ ਨੇ ਜੋ ਮਸ਼ਹੂਰ ਪੰਜਾਬੀ ਗਾਇਕ ਕਾਰਨ ਔਜਲਾ ਨੇ ਆਪਣੇ ਨਵੇਂ ਗੀਤ ਪੁਆਇੰਟ ਔਫ ਵਿਊ (ਪੀ.ਓ.ਵੀ)  'ਚ ਵਰਤੇ ਹਨ। ਹਾਲਾਂਕਿ ਇਸ ਗੀਤ ਨੂੰ ਰਿਲੀਜ਼ ਹੋਇਆ ਇੱਕ ਮਹੀਨਾ ਬੀਤਣ ਵਾਲਾ ਹੈ ਪਰ ਅੱਜੇ ਵੀ ਸੰਤ ਮਸਕੀਨ ਜੀ ਦਾ ਆਪਣੇ ਗਾਣੇ 'ਚ ਜ਼ਿਕਰ ਕਰ ਜੋ ਚਰਚਾਵਾਂ ਕਰਨ ਔਜਲਾ ਨੇ ਸ਼ੋਸ਼ਲ ਮੀਡੀਆ 'ਤੇ ਛਿੜੀਆਂ ਨੇ, ਉਹ ਉਵੇਂ ਹੀ ਜਾਰੀ ਹਨ। 


ਪਹਿਲਾਂ ਦਿਲਜੀਤ ਦੋਸਾਂਝ ਅਤੇ ਹੁਣ ਕਰਨ ਔਜਲਾ, ਜੀ ਹਾਂ ਕਰਨ ਤੋਂ ਪਹਿਲਾਂ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੱਕ ਇੰਟਰਵਿਊ 'ਚ ਸੰਤ ਮਸਕੀਨ ਜੀ ਦਾ ਜ਼ਿਕਰ ਕੀਤਾ ਸੀ। ਦਿਲਜੀਤ ਦਾ ਕਹਿਣਾ ਸੀ, "ਮੈਂ ਹਰ ਰੋਜ਼ ਸੰਤ ਮਸਕੀਨ ਜੀ ਨੂੰ ਸੁਣਦਾ ਹਾਂ ਅਤੇ ਪਤਾ ਨਹੀਂ ਕਿਉਂ, ਮੈਂ ਰਾਤੀ ਸੌਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸੁਣਦਾ, ਸਵੇਰੇ ਗੱਡੀ 'ਚ ਆਉਂਦਿਆਂ ਹੋਇਆਂ ਵੀ ਉਨ੍ਹਾਂ ਨੂੰ ਸੁਣਦਾ"। ਦਿਲਜੀਤ ਦੇ ਹੀ ਨਹੀਂ ਸਗੋਂ ਸੰਤ ਮਸਕੀਨ ਸਿੱਖ ਕੌਮ ਦੇ ਹਰਮਨ ਪਿਆਰੇ ਰਹੇ ਨੇ, ਉਨ੍ਹਾਂ ਨੂੰ ਨਾ ਸਿਰਫ਼ ਪੰਥ ਰਤਨ ਨਾਲ ਨਵਾਜਿਆ ਜਾ ਚੁੱਕਿਆ ਸਗੋਂ ਪੰਥ ਦਾ ਕਹਿਣਾ ਕਿ ਉਹ ਆਪਣੇ ਆਪ 'ਚ 'ਗਿਆਨ ਦਾ ਸਾਗਰ' ਸਨ।



ਆਓ ਜਾਣਦੇ ਹੈ ਕੌਣ ਸਨ ਸੰਤ ਮਸਕੀਨ?



ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਹੁਣ ਪਾਕਿਸਤਾਨ) ਵਿੱਚ ਹੋਇਆ, ਘਰ ਦਿਆਂ ਨੇ ਉਨ੍ਹਾਂ ਦਾ ਨਾਮ ਸੰਤ ਸਿੰਘ ਰੱਖ ਦਿੱਤਾ। ਸ਼ਾਇਦ ਹੀ ਘਰ ਦਿਆਂ ਨੇ ਸੋਚਿਆ ਹੋਵੇਗਾ ਕਿ ਇਹ ਅਸਲ 'ਚ ਸੰਤ ਬਣ ਕੇ ਵਿਖਾਉਣਗੇ, ਮਸਕੀਨ ਨਾਂਅ ਉਨ੍ਹਾਂ ਨੂੰ ਕਿਸਨੇ ਦਿੱਤਾ, ਉਸਦਾ ਵੀ ਜ਼ਿਕਰ ਅੱਗੇ ਲੇਖ 'ਚ ਮਿਲੇਗਾ। ਸੰਤ ਸਿੰਘ ਨੇ ਮੁੱਢਲੀ ਵਿੱਦਿਆ ਉਥੇ ਦੇ ਹੀ ਖਾਲਸਾ ਸਕੂਲ ਤੋਂ ਪ੍ਰਾਪਤ ਕੀਤੀ। ਉਪਰੰਤ ਸਰਕਾਰੀ ਹਾਈ ਸਕੂਲ ਵਿੱਚ ਦਾਖਲ ਲੈ ਲਿਆ ਪਰ ਸਾਲ 1947 ਵਿੱਚ ਦੇਸ਼ ਦੀ ਵੰਡ ਹੋਣ ਕਾਰਨ ਉਹ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ। ਦੇਸ਼ ਦੀ ਵੰਡ ਤੋਂ ਬਾਅਦ ਸੰਤ ਸਿੰਘ ਆਪਣੇ ਪਰਿਵਾਰ ਨਾਲ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਵਿਖੇ ਆ ਵਸੇ।

ਧਾਰਮਿਕ ਵਿਦਿਆ 'ਚ ਰੁਚੀ ਨੇ ਬਣਾਇਆ ਗਿਆਨੀ



ਸੰਤ ਸਿੰਘ ਜੀ ਥੋੜਾ ਚਿਰ ਰੇਲਵੇ ਦੇ ਮੁਲਾਜ਼ਮ ਵੀ ਰਹੇ। ਪਰ ਸਾਧੂ ਤਬੀਅਤ ਹੋਣ ਕਰਕੇ ਮਨ ਕਦੇ ਵੀ ਇਨ੍ਹਾਂ ਨੌਕਰੀਆਂ ਵਿੱਚ ਨਾ ਲੱਗਾ ਤੇ ਘਰ ਛੱਡ ਕੇ ਕਿਸੇ ਅਗਿਆਤ ਦੀ ਭਾਲ ਵਿੱਚ ਨਿਕਲ਼ ਪਏ। ਇਸੇ ਦੌਰਾਨ ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਨ੍ਹਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ ਅਤੇ ਗੁਰਬਾਣੀ ਵਿਆਕਰਣ ਵਿੱਚ ਮੁਹਾਰਤ ਹਾਸਿਲ ਸੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। ਉਹਨਾਂ ਦੀ ਕਥਾ ਵਿੱਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਆਉਂਦੀਆਂ ਸਨ। ਮਸਕੀਨ ਜੀ ਦੇ ਕਥਾ ਕਰਨ ਦਾ ਢੰਗ ਆਮ ਕਥਾਕਾਰਾਂ ਨਾਲੋਂ ਨਿਵੇਕਲਾ ਸੀ। ਉਹ ਸੰਗਤਾਂ ਨੂੰ ਬਹੁਤ ਹੀ ਨਿਮਰਤਾ ਨਾਲ ਸਟੀਕ ਟਿੱਪਣੀਆਂ ਕਰਿਆ ਕਰਦੇ।

ਸੰਤ ਸਿੰਘ ਤੋਂ ਗਿਆਨੀ ਸੰਤ ਸਿੰਘ ਮਸਕੀਨ ਤੱਕ ਦਾ ਸਫ਼ਰ



ਸਾਲ 1958 ਵਿੱਚ ਉਹਨਾਂ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਪਰ ਉਹਨਾਂ ਗ੍ਰਹਿਸਥੀ ਜੀਵਨ ਦੇ ਨਾਲ ਨਾਲ ਪ੍ਰਚਾਰ ਕਰਨ ਦਾ ਕੰਮ ਤਿਆਗਿਆ ਨਹੀਂ ਸਗੋਂ ਜਾਰੀ ਰੱਖਿਆ। ਦੋ ਸਾਲ ਬਾਅਦ ਉਨ੍ਹਾਂ ਆਪਣੇ ਗ੍ਰਹਿ ਵਿਖੇ ਗੁਰਮਤਿ ਸਮਾਗਮਾਂ ਦੀ ਵੀ ਸ਼ੁਰੂਆਤ ਕਰ ਦਿੱਤੀ। ਇਸ ਦੇ ਨਾਲ ਹੀ ਜਿਵੇਂ ਜਿਵੇਂ ਉਨ੍ਹਾਂ ਦੀ ਪ੍ਰਸਿੱਧੀ ਵੱਧ ਦੀ ਗਈ ਉਵੇਂ ਹੀ ਸੰਗਤ ਜੁੜਦੀ ਗਈ ਅਤੇ ਇਸ ਮਗਰੋਂ ਉਨ੍ਹਾਂ ਅਲਵਰ ਵਿਖੇ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਸ਼ੁਰੂਆਤ ਕੀਤੀ। ਜਿਸਨੂੰ ਆਪ ਵਿਦਿਆ ਨਾਲ ਅਥਾਹ ਪ੍ਰੇਮ ਸੀ ਉਹ ਚਾਹੁੰਦੇ ਸਨ ਕਿ ਹਰੇਕ ਬੱਚੇ ਨੂੰ ਵਿਦਿਆ ਮਿਲ ਸਕੇ। ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਿੰਦੇ। ਸਕੂਲ ਦਾ ਖਰਚਾ ਵੀ ਜ਼ਿਆਦਾਤਰ ਗਿਆਨੀ ਜੀ ਆਪ ਚੁੱਕਦੇ। ਅਲਵਰ ਵਿਖੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ ਮਨਾਇਆ ਜਾਣ ਲੱਗਾ ਜੋ ਅੱਜ ਵੀ ਉਵੇਂ ਹੀ ਚੱਲ ਰਿਹਾ। ਇਹ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਹੀ ਸਨ ਜਿਨ੍ਹਾਂ ਨੇ ਗਿਆਨੀ ਸੰਤ ਸਿੰਘ ਨੂੰ ‘ਮਸਕੀਨ’ ਲਕਬ ਨਾਲ ਸੰਬੋਧਨ ਕੀਤਾ ਅਤੇ ਫਿਰ ਉਹ ਬਣ ਗਏ ਸੰਤ ਸਿੰਘ ਮਸਕੀਨ। ਪੰਜਾਬੀ ਯੂਨੀਵਰਸਿਟੀ ਦੀ ਅਧਿਕਾਰਿਤ ਵੈੱਬਸਾਈਟ ਪੰਜਾਬੀ ਪੀਡੀਆ ਮੁਤਾਬਕ ਮਸਕੀਨ ਦਾ ਅਰਥ ਹੈ - ਹਲੀਮ, ਨਿਮਰ, ਨਿਮਾਣਾ, ਜੋ ਗੁਣ ਸੰਤ ਸਿੰਘ 'ਚ ਦੁਨੀਆਂ ਨੂੰ ਵਿਖੇ ਅਤੇ ਉਹ ਮਸਕੀਨ ਹੋ ਗਏ।

ਚੰਗੇ ਬੁਲਾਰੇ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਲੇਖਕ



ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ ਉਥੇ ਉਹ ਕਲਮ ਦੇ ਧਨੀ ਵੀ ਸਨ। ਉਨ੍ਹਾਂ ਦਾ ਕਥਾ ਢੰਗ ਆਮ ਕਥਾਵਾਚਕਾਂ ਤੋਂ ਨਵੇਕਲਾ ਸੀ। ਸ਼ੁਰੂ ਕੀਤੇ ਮਜ਼ਮੂਨ ਨੂੰ ਅਨੇਕ ਉਦਾਹਰਣ ਦੇਣ ਬਾਦ ਉੱਥੇ ਵਾਪਸ ਆ ਜਾਣਾ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਸਰੋਤੇ ਬੁੱਤ ਬਣ ਕੇ ਚੁੱਪ-ਚਾਪ ਉਨ੍ਹਾਂ ਦੀ ਕਥਾ ਦਾ ਅਨੰਦ ਮਾਣਦੇ।ਮਸਕੀਨ ਜੀ ਦੇ ਲੈਕਚਰ ਸਮੇਤ ਇੱਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਦੇ ਲੈਕਚਰ ਅਨੇਕਾਂ ਸੋਸ਼ਲ ਮੀਡੀਆ ਚੈਨਲਾਂ 'ਤੇ ਉਪਲਬਧ ਹਨ। ਇੱਕ ਵੇਲੇ ਈ.ਟੀ.ਸੀ. ਪੰਜਾਬੀ ਚੈਨਲ ਤੋਂ ਰੋਜ਼ਾਨਾ ਸਵੇਰੇ ਉਹਨਾਂ ਦੀ ਲੜੀਵਾਰ ਕਥਾ ਆਉਂਦੀ ਰਹੀ, ਜੋ ਉਹ ਸ੍ਰੀ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਕਰਿਆ ਕਰਦੇ। SGPC ਵੀ ਉੱਚੇਚੇ ਤੌਰ 'ਤੇ ਸੰਗਤਾਂ ਦੀ ਡੀਮਾਂਡ 'ਤੇ ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਸਮਾਗਮ 'ਤੇ ਸੱਦਾ ਦੇਂਦੀ ਅਤੇ ਉਹ ਹਲੀਮੀ ਭਰੇ ਸੁਭਾਅ ਨਾਲ ਹਰ ਵਾਰ ਉਸਨੂੰ ਪ੍ਰਵਾਰਨ ਕਰਦੇ। 

ਸੰਤ ਸਿੰਘ ਮਸਕੀਨ ਜੀ ਦਿਆਂ ਕੁੱਝ ਉਪਲਬਧੀਆਂ

  • ਮਸਕੀਨ ਜੀ ਨੂੰ ਪੰਥ ਰਤਨ ਦੀ ਉਪਾਧੀ ਤੇ ਦੇਸ਼-ਵਿਦੇਸ਼ ਵਿੱਚ ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨਤ ਕੀਤਾ ਗਿਆ।
  • 20 ਮਾਰਚ 2005 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਤੋਂ ਮਸਕੀਨ ਜੀ ਦੀ ਮੌਤ ਉਪਰੰਤ ‘ਗੁਰਮਤਿ ਵਿੱਦਿਆ ਮਾਰਤੰਡ’ ਦੀ ਉਪਾਧੀ ਨਾਲ ਨਿਵਾਜਿਆ ਗਿਆ।
  • ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਨਮਾਨ ਪੱਤਰ, ਤਸ਼ਤਰੀ, ਸਿਰੋਪਾਓ, ਸਿਰੀ ਸਾਹਿਬ ਨਾਲ ਮਸਕੀਨ ਜੀ ਦੀ ਧਰਮ ਪਤਨੀ ਬੀਬੀ ਸੁੰਦਰ ਕੌਰ ਨੂੰ ਸਨਮਾਨਤ ਕੀਤਾ ਗਿਆ।
  • ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਭਾਈ ਗੁਰਦਾਸ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ।

ਸਿੱਖ ਧਰਮ ਦੇ ਇਨਸਾਈਕਲੋਪੀਡੀਆ

ਮਸਕੀਨ ਜੀ ਨੇ ਅੱਧੀ ਸਦੀ ਤਕ ਦੇਸ਼ਾਂ-ਵਿਦੇਸ਼ਾਂ (ਕੁਵੈਤ, ਦੁਬਈ, ਥਾਈਲੈਂਡ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਅਮਰੀਕਾ, ਜਾਪਾਨ, ਇੰਗਲੈਂਡ, ਬੈਲਜੀਅਮ, ਡੈਨਮਾਰਕ, ਸਵੀਡਨ, ਹਾਲੈਂਡ, ਨੈਰੋਬੀ, ਮਲੇਸ਼ੀਆ, ਆਸਟਰੇਲੀਆ, ਈਰਾਨ, ਪਾਕਿਸਤਾਨ, ਕਤਰ, ਕੀਨੀਆ, ਬਹਿਰੀਨ) ਵਿਚ ਜਾ ਕੇ ਗੁਰਮਤਿ ਸੁਨੇਹਾ ਦਿੱਤਾ। ਗਿਆਨ ਦੇ ਨਾ ਮੁੱਕਣ ਵਾਲੇ ਭੰਡਾਰ ਮਸਕੀਨ ਜੀ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਬਹੁਤ ਹੀ ਗੂੜ੍ਹਾ ਗਿਆਨ ਸੀ। ਗਿਆਨੀ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਅਤੇ ਵੇਦਾਂ, ਉਪਨਿਸ਼ਦਾਂ ਤੇ ਹੋਰ ਸੰਸਕ੍ਰਿਤ ਦਾ ਸਾਹਿਤ ਦਾ ਡੂੰਘਾ ਗਿਆਨ ਸੀ।



ਸਦੀਵੀਂ ਵਿਛੋੜਾ

ਗੁਰਬਾਣੀ ਦੇ ਵਾਕ 'ਆਈ ਆਗਿਆ ਪਿਰਹੁ ਬੁਲਾਇਆ' ਦੇ ਅਨੁਸਾਰ ਸੰਤ ਸਿੰਘ ਮਸਕੀਨ ਆਪਣੇ ਧਾਰਮਿਕ ਮਿਸ਼ਨ ਨੂੰ ਪੂਰੀ ਸੁਹਿਰਦਤਾ ਨਾਲ ਨੇਪਰੇ ਚਾੜ੍ਹਦੇ ਹੋਏ 18 ਫਰਵਰੀ 2005 ਨੂੰ ਯੂ.ਪੀ. ਦੇ ਸ਼ਹਿਰ ਇਟਾਵਾ ਵਿਖੇ ਪੰਥ ਅਤੇ ਮਨੁਖਤਾ ਨੂੰ ਸਦੀਵੀਂ ਵਿਛੋੜਾ ਦੇ ਗਏ।

Related Post