ਹੱਢ ਚੀਰਵੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ, ਪਹਾੜੀ ਇਲਾਕਿਆਂ 'ਚ ਮਨਫੀ 'ਤੇ ਪੁੱਜਿਆ ਪਾਰਾ

ਪਹਾੜੀ ਇਲਾਕਿਆਂ ਵਿਚ ਤਾਪਮਾਨ ਦੇ ਮਨਫੀ ਜਾਣ ਕਾਰਨ ਮੈਦਾਨੀ ਇਲਾਕਿਆਂ ਵਿਚ ਹੱਢਚੀਰਵੀ ਠੰਢ ਸ਼ੁਰੂ ਹੋ ਗਈ ਹੈ। ਇਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੰਘਣੀ ਧੁੰਦ ਹੋਣ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਉਤੇ ਪੁੱਜਣ ਵਿਚ ਦਿੱਕਤ ਹੋ ਰਹੀ ਹੈ।

By  Ravinder Singh December 23rd 2022 08:45 AM -- Updated: December 23rd 2022 08:49 AM

ਚੰਡੀਗੜ੍ਹ : ਪੰਜਾਬ ਵਿੱਚ ਸ਼ੁੱਕਰਵਾਰ ਨੂੰ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 15 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ।  ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਫਿਰੋਜ਼ਪੁਰ ਸਮੇਤ 13 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 10 ਤੋਂ 16 ਡਿਗਰੀ ਦਰਮਿਆਨ ਦਰਜ ਕੀਤਾ ਗਿਆ।

ਅੰਮ੍ਰਿਤਸਰ ਵਿੱਚ ਦਿਨ ਦਾ ਤਾਪਮਾਨ 10.1 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8.4 ਦਰਜ ਕੀਤਾ ਗਿਆ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਫ਼ਰਕ ਸਿਰਫ਼ 1.7 ਡਿਗਰੀ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਅਗਲੇ ਦੋ ਦਿਨਾਂ ਤੱਕ ਕੜਾਕੇ ਦੀ ਠੰਢ ਪੈ ਸਕਦੀ ਹੈ। ਇਸ ਸਥਿਤੀ ਵਿੱਚ ਦਿਨ ਦਾ ਤਾਪਮਾਨ ਦਸ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ।  ਮੌਸਮ ਵਿਭਾਗ ਮੁਤਾਬਕ ਸੀਤ ਲਹਿਰ ਦੇ ਨਾਲ-ਨਾਲ ਤਾਪਮਾਨ 'ਚ ਵੀ ਗਿਰਾਵਟ ਆ ਸਕਦੀ ਹੈ।

ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਸੰਭਵ ਹੈ। ਦੂਜੇ ਪਾਸੇ ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿੱਚ ਤਾਪਮਾਨ ਹੇਠਾਂ ਜਾਣ ਨਾਲ ਮੈਦਾਨੀ ਇਲਾਕਿਆਂ ਵਿਚ ਠੰਢ ਦਾ ਅਸਰ ਵਧਦਾ ਜਾ ਰਿਹਾ ਹੈ। ਕਸ਼ਮੀਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਰਾਤ ਦਾ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਹੈ।

ਸੰਘਣੀ ਧੁੰਦ ਅਤੇ ਧੁੰਦ ਕਾਰਨ ਯੂਪੀ, ਪੰਜਾਬ, ਦਿੱਲੀ ਵਿੱਚ ਹਵਾਈ ਅਤੇ ਰੇਲ ਸੇਵਾਵਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ। ਉੱਤਰਾਖੰਡ ਦੇ ਕੇਦਾਰਨਾਥ ਧਾਮ 'ਚ ਕੜਾਕੇ ਦੀ ਠੰਢ ਕਾਰਨ ਘੱਟੋ-ਘੱਟ ਪਾਰਾ ਮਨਫੀ ਦਸ ਡਿਗਰੀ ਸੈਲਸੀਅਸ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ : GST ਬਾਰੇ ਜਾਣਕਾਰੀ ਲੈਣ ਲਈ ਇਸ WhatsApp ਨੰਬਰ ਤੇ ਕਰੋ ਸੰਪਰਕ

ਕਸ਼ਮੀਰ ਦਾ ਪਹਿਲਗਾਮ ਸਭ ਤੋਂ ਠੰਢਾ ਇਲਾਕਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਇਸ ਦੇ ਨਾਲ ਹੀ ਸ਼੍ਰੀਨਗਰ ਨੇ ਮੌਜੂਦਾ ਸਰਦੀਆਂ ਦੀ ਸਭ ਤੋਂ ਠੰਢੀ ਰਾਤ ਮਨਫੀ 5.5 ਡਿਗਰੀ ਸੈਲਸੀਅਸ ਦੇ ਨਾਲ ਕੱਟੀ। ਪ੍ਰਸਿੱਧ ਡਲ ਝੀਲ ਸਮੇਤ ਘਾਟੀ ਦੇ ਹੋਰ ਜਲ ਸਰੋਤ ਅੰਸ਼ਕ ਤੌਰ 'ਤੇ ਜੰਮ ਗਏ ਹਨ। ਜੰਮੂ ਡਿਵੀਜ਼ਨ ਦੇ ਮੈਦਾਨੀ ਇਲਾਕਿਆਂ 'ਚ ਸਵੇਰੇ ਤੇ ਸ਼ਾਮ ਨੂੰ ਧੁੰਦ ਛਾਈ ਰਹੀ ਪਰ ਜਹਾਜ਼ਾਂ ਦੀ ਆਵਾਜਾਈ 'ਤੇ ਕੋਈ ਅਸਰ ਨਹੀਂ ਪਿਆ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੋਵੇਂ ਪਾਸੇ ਤੋਂ ਖੁੱਲ੍ਹਾ ਹੈ। ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਵੀ ਜਾਰੀ ਰਹੀ।

Related Post