ਚੰਨੀ ਤੇ ਵਿਕਰਮ ਚੌਧਰੀ 'ਚ ਤਿੱਖੀ ਹੋਈ ਸ਼ਬਦੀ ਜੰਗ, ਚੰਨੀ ਨੇ ਦਿੱਤੀ ਚੇਤਾਵਨੀ...ਕਿਹਾ- ਇਹ ਹਲਕ ਗਿਐ

ਵਿਕਰਮ ਚੌਧਰੀ ਨੇ ਪਾਰਟੀ ਵੱਲੋਂ ਸਸਪੈਂਡ ਕੀਤੇ ਜਾਣ ਨੂੰ ਸਵੀਕਾਰਦਿਆਂ ਖੁੱਲ੍ਹ ਕੇ ਚੰਨੀ ਦੇ ਵਿਰੋਧ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਕੁੱਝ ਪੋਸਟਰ ਵੀ ਕੰਧਾਂ 'ਤੇ ਲਗਾਏ, ਜਿਸ 'ਤੇ ਸਾਬਕਾ ਮੁੱਖ ਮੰਤਰੀ ਨੇ ਵਿਕਰਮ ਚੌਧਰੀ ਨੂੰ ਸਖਤ ਤਾੜਨਾ ਕੀਤੀ ਹੈ।

By  KRISHAN KUMAR SHARMA April 25th 2024 06:04 PM -- Updated: April 25th 2024 06:49 PM

ਜਲੰਧਰ: ਜਲੰਧਰ ਲੋਕ ਸਭਾ ਹਲਕੇ 'ਚ ਕਾਂਗਰਸ (Congress) ਪਾਰਟੀ 'ਚ ਟਿਕਟ ਨੂੰ ਲੈ ਕੇ ਫੁੱਟ ਭਖਦੀ ਜਾ ਰਹੀ ਹੈ। ਲੰਘੇ ਦਿਨ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਲਗਾਤਾਰ ਵਿਰੋਧ ਕਰਨ 'ਤੇ ਵਿਧਾਇਕ ਵਿਕਰਮ ਚੌਧਰੀ (MLA Vikram Choudhry) ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਅੱਜ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੀ ਵਿਕਰਮ ਚੌਧਰੀ 'ਤੇ ਤਿੱਖਾ ਪਲਟਵਾਰ ਕੀਤਾ ਹੈ ਅਤੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਖਰੀ ਵਾਰ ਇਸ ਗੱਲ ਦਾ ਜਵਾਬ ਦੇ ਰਹੇ ਹਨ ਅਤੇ ਜੇ ਵਿਕਰਮ ਨਾ ਹਟਿਆ ਤਾਂ ਆਉਣ ਵਾਲਾ ਸਮਾਂ ਇਸ ਲਈ ਚੰਗਾ ਨਹੀਂ ਹੋਵੇਗਾ।

ਲੰਘੇ ਦਿਨ ਵਿਕਰਮ ਚੌਧਰੀ ਨੇ ਪਾਰਟੀ ਵੱਲੋਂ ਸਸਪੈਂਡ ਕੀਤੇ ਜਾਣ ਨੂੰ ਸਵੀਕਾਰਦਿਆਂ ਖੁੱਲ੍ਹ ਕੇ ਚੰਨੀ ਦੇ ਵਿਰੋਧ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਕੁੱਝ ਪੋਸਟਰ ਵੀ ਕੰਧਾਂ 'ਤੇ ਲਗਾਏ, ਜਿਸ 'ਤੇ ਸਾਬਕਾ ਮੁੱਖ ਮੰਤਰੀ ਨੇ ਵਿਕਰਮ ਚੌਧਰੀ ਨੂੰ ਸਖਤ ਤਾੜਨਾ ਕੀਤੀ ਹੈ।

ਚੰਨੀ ਨੇ ਸ਼ਾਇਰਾਨਾ ਅੰਦਾਜ਼ 'ਚ ਕਿਹਾ ਕਿ 'ਉੱਖਲ ਪੁੱਤ ਨਾ ਜੰਮੀਏ ਧੀ ਕਾਣੀ ਚੰਗੀ'। ਉਨ੍ਹਾਂ ਕਿਹਾ ਕਿ ਵਿਕਰਮ ਚੌਧਰੀ ਹਲਕ ਗਿਆ ਹੈ, ਕਿਉਂਕਿ ਇਸ ਨੇ ਆਪਣੇ ਪਰਿਵਾਰ ਵੱਲੋਂ ਜਿੰਨੀ ਇੱਜਤ ਕਮਾਈ ਸੀ, ਉਸ ਨੂੰ ਮਿੱਟੀ 'ਚ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਕੁੜੀ ਅਤੇ ਮੇਰੀ ਫੋਟੋ ਨੂੰ ਜਿਸ ਅਸ਼ਲੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਹ ਬਹੁਤ ਮਾੜਾ ਹੈ।

ਕਾਂਗਰਸੀ ਉਮੀਦਵਾਰ ਨੇ ਚੇਤਾਵਨੀ ਦਿੰਦਿਆਂ ਕਿਹਾ, ''ਵਿਕਰਮ ਚੌਧਰੀ ਦੀਆਂ ਗੱਲਾਂ ਦਾ ਅੱਜ ਮੈਂ ਅਖੀਰ ਵਾਰ ਜਵਾਬ ਦੇ ਰਿਹਾ ਹਾਂ, ਵਾਰ-ਵਾਰ ਜਵਾਬ ਨਹੀਂ ਦਿਆਂਗਾ। ਮੈਂ ਸਾਫ ਕਰਨਾ ਚਾਹੁੰਦਾ ਕਿ ਜੇਕਰ ਇਹ ਨਾ ਹਟਿਆ ਤਾਂ ਆਉਣ ਵਾਲਾ ਸਮਾਂ ਇਸਦੇ ਲਈ ਚੰਗਾ ਨਹੀਂ ਹੋਏਗਾ। ਮੈਂ ਨਹੀਂ ਚਾਹੁੰਦਾ ਸੀ ਥਾਣੇ ਕਚਹਿਰੀਆਂ ਦੇ ਵਿੱਚ ਜਾਈਏ ਨਹੀਂ ਤਾਂ ਅਸੀਂ ਸ਼ਿਕਾਇਤ ਦੇ ਦਿਆਂਗੇ।''

 

ਚੰਨੀ ਨੇ ਕੀਤਾ ਨਿੱਜੀ ਹਮਲਾ

ਉਨ੍ਹਾਂ ਕਿਹਾ ਕਿ ਵਿਕਰਮ ਆਪਣੀਆਂ ਹਰਕਤਾਂ ਨੂੰ ਸਹੀ ਕਰ ਲਵੇ ਨਹੀਂ ਤਾਂ ਜਿਸ ਤਰੀਕੇ ਨਾਲ ਇਹ ਕਮੀਨਗਿਰੀਆਂ 'ਤੇ ਉਤਰਿਆ ਹੋਇਆ ਹੈ ਇਹਦੇ ਵਾਸਤੇ ਚੰਗਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਰਾਜਨੀਤਿਕ ਗੱਲਾਂ ਕਰਨੀਆਂ ਤਾਂ ਕਰੇ ਨਹੀਂ ਤਾਂ ਇਸ ਸਭ ਦੇ ਨਤੀਜੇ ਮਾੜੇ ਨਿਕਲ ਸਕਦੇ ਹਨ। ਸਾਬਕਾ ਮੁੱਖ ਮੰਤਰੀ ਨੇ ਚੌਧਰੀ 'ਤੇ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਵਿਕਰਮ ਚੌਧਰੀ ਦਾ ਕੋਈ ਮਿਆਰ ਨਹੀਂ ਹੈ, ਨਾ ਇਹਦੇ ਬਾਪ ਨੇ ਇਹਨੂੰ ਝੱਲਿਆ ਅਤੇ ਨਾ ਇਹਨੂੰ ਕਾਂਗਰਸ ਨੇ।

ਕਾਂਗਰਸ ਨੇ ਕਿਉਂ ਵਿਕਰਮ ਚੌਧਰੀ ਨੂੰ ਕੀਤਾ ਸਸਪੈਂਡ?

ਦੱਸ ਦਈਏ ਕਿ ਲੰਘੇ ਦਿਨ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਪੱਤਰ ਜਾਰੀ ਕਰਦੇ ਹੋਏ ਫਿਲੌਰ ਤੋਂ ਵਿਧਾਇਕ ਵਿਕਰਮ ਚੌਧਰੀ ਨੂੰ ਸਸਪੈਂਡ ਕੀਤਾ ਹੈ। ਪੱਤਰ ਵਿੱਚ ਵਿਕਰਮ ਚੌਧਰੀ ਨੂੰ ਸਸਪੈਂਡ ਕਰਨ ਪਿੱਛੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਕਾਰਨ ਦੱਸਿਆ ਗਿਆ ਹੈ, ਕਿਉਂਕਿ ਵਿਕਰਮ ਚੌਧਰੀ, ਸਾਬਕਾ ਉਮੀਦਵਾਰ ਚੰਨੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਕਰਦੇ ਆ ਰਹੇ ਸਨ। ਚੌਧਰੀ ਦਾ ਕਹਿਣਾ ਹੈ ਕਿ ਇਥੋਂ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਮਿਲਣੀ ਚਾਹੀਦੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਕਾਂਗਰਸੀ ਐਮ.ਪੀ. ਮਰਹੂਮ ਸੰਤੋਖ ਚੌਧਰੀ ਦਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਇਆ ਸੀ। ਪਰ ਪਾਰਟੀ ਨੇ ਚੰਨੀ ਨੂੰ ਟਿਕਟ ਦੇ ਕੇ ਗਲਤ ਕੀਤਾ ਹੈ।

Related Post