PTC News
Search

LPU ਚ ਹਿੰਸਕ ਪ੍ਰਦਰਸ਼ਨਾਂ ਦਾ ਕੇਂਦਰ ਪੀੜਤ ਵਿਦਿਆਰਥਣ ਕੌਣ ? 5 ਪਹਿਲੂਆਂ ਚ ਜਾਣੋ ਵਿਦਿਆਰਥੀ ਪ੍ਰਦਰਸ਼ਨਾਂ ਦੀ ਪੂਰੀ ਕਹਾਣੀ

LPU Student Protest : ਲਵਲੀ ਯੂਨੀਵਰਸਿਟੀ 'ਚ ਹਿੰਸਕ ਵਿਦਿਆਰਥਣੀ ਪ੍ਰਦਰਸ਼ਨਾਂ ਦਾ ਕੇਂਦਰ ਬਿੰਦੂ ਬਣੀ 'ਪੀੜਤ ਵਿਦਿਆਰਥਣ' ਹੈ ਕੌਣ ? ਕੀ ਇਹ ਘਟਨਾ ਸੱਚਮੁੱਚ ਵਾਪਰੀ ਹੈ ਜਾਂ ਫਿਰ ਇੱਕ ਮਹਿਜ਼ ਅਫ਼ਵਾਹ ਹੈ ? ਪੜ੍ਹੋ ਪੂਰੀ ਖ਼ਬਰ

By  KRISHAN KUMAR SHARMA September 28th 2026 01:32 PM -- Updated: September 28th 2026 02:01 PM

LPU Student Protest : ਸੋਮਵਾਰ ਸਵੇਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਅਚਾਨਕ ਉਦੋਂ ਸੁੰਨਸਾਨ ਪਸਰ ਗਈ, ਜਦੋਂ ਦੇਰ ਰਾਤ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਯੂਨੀਵਰਸਿਟੀ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਐਤਵਾਰ ਦੇਰ ਰਾਤ ਲਵਲੀ ਯੂਨੀਵਰਸਿਟੀ ਵਿੱਚ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਹਿੰਸਾ ਹੋਈ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਤੇ ਵਿਦਿਆਰਥੀ ਵੀ ਜ਼ਖ਼ਮੀ ਹੋਏ।

ਇਸ ਪੂਰੇ ਮਾਹੌਲ ਦੇ ਮੱਦੇਨਜ਼ਰ ਸੋਮਵਾਰ ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ 10 ਦਿਨਾਂ ਦੀਆਂ ਛੁੱਟੀਆਂ ਦੇ ਨਾਲ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਨੂੰ ਵੀ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਵੱਲੋਂ ਗਰਲਜ਼ ਹੋਸਟਲ-3 (GH3) ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀਆਂ ਖ਼ਬਰਾਂ ਤੋਂ ਬਾਅਦ ਫੈਲੀ ਅਸ਼ਾਂਤੀ ਨੇ ਯੂਨੀਵਰਸਿਟੀ 'ਚ ਪ੍ਰਦਰਸ਼ਨਾਂ ਨੂੰ ਵੱਡਾ ਕਰ ਦਿੱਤਾ। ਉਪਰੰਤ, ਮਾਮਲੇ ਨੂੰ ਠੰਢਾ ਕਰਨ ਲਈ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਅਤੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਵੀ ਬਣਾਈ ਹੈ। ਪੁਲਿਸ ਵੱਲੋਂ ਸੀਸੀਟੀਵੀ ਅਤੇ ਹੋਰ ਪਹਿਲੂਆਂ ਨੂੰ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹਿੰਸਕ ਪ੍ਰਦਰਸ਼ਨਾਂ ਦਾ ਕੇਂਦਰ 'ਪੀੜਤ ਵਿਦਿਆਰਥਣ' ਕੌਣ ਬਣਿਆ ਸਵਾਲ (Lovely Professional University Hungama)

ਉਧਰ, LPU ਪ੍ਰਬੰਧਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੈਂਪਸ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ ਅਤੇ ਦਾਅਵਿਆਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਜਦਕਿ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਕਮਰਾ ਨੰਬਰ 504 ਵਿੱਚ ਵਿਦਿਆਰਥਣ ਨਾਲ ਜ਼ਬਰ-ਜਨਾਹ ਹੋਇਆ ਸੀ।

ਇਸ ਸਭ ਵਿਚਾਲੇ ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਆਖਿਰ ਇਸ ਪੂਰੇ ਵਿਵਾਦ ਦਾ ਕੇਂਦਰ ਬਿੰਦੂ ਬਣੀ 'ਪੀੜਤ ਵਿਦਿਆਰਥਣ' ਹੈ ਕੌਣ ? ਕੀ ਇਹ ਘਟਨਾ ਸੱਚਮੁੱਚ ਵਾਪਰੀ ਹੈ ਜਾਂ ਫਿਰ ਇੱਕ ਮਹਿਜ਼ ਅਫ਼ਵਾਹ ਹੈ ? ਪੜ੍ਹੋ ਪੂਰੀ ਖ਼ਬਰ

ਹਿੰਸਾ ਦਾ ਮੁੱਢ ਕਿੱਥੋਂ ਬੱਝਿਆ ? ਪੁਲਿਸ ਨੇ ਦਰਜ ਕੀਤੀ FIR (LPU Hungama)

ਐਤਵਾਰ ਸਵੇਰੇ ਹਾਲਾਤ ਉਦੋਂ ਵਿਗੜਨ ਲੱਗ ਪਏ, ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਜਾਂਚ, ਲੜਕੀਆਂ ਦੇ ਹੋਸਟਲਾਂ ਵਿੱਚ ਮਜ਼ਬੂਤ ​​ਸੁਰੱਖਿਆ ਅਤੇ ਕੈਂਪਸ ਸੁਰੱਖਿਆ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਦੀ ਮੰਗ ਕੀਤੀ। ਜਿਵੇਂ-ਜਿਵੇਂ ਇਕੱਠ ਵਧਦਾ ਗਿਆ, ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਮੁੱਖ ਗੇਟ ਵੱਲ ਅਤੇ ਬਾਅਦ ਵਿੱਚ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ (NH-44) ਵੱਲ ਵਧੇ, ਜਿਸ ਨਾਲ ਸਵੇਰੇ 4 ਵਜੇ ਦੇ ਕਰੀਬ ਆਵਾਜਾਈ ਠੱਪ ਹੋ ਗਈ।

ਨਾਕਾਬੰਦੀ ਨੇ ਜਲੰਧਰ ਅਤੇ ਫਗਵਾੜਾ ਵਿਚਕਾਰ ਆਵਾਜਾਈ ਵਿੱਚ ਵਿਘਨ ਪਾਇਆ ਅਤੇ ਪੰਜਾਬ ਦੇ ਹੋਰ ਹਿੱਸਿਆਂ ਵੱਲ ਜਾਣ ਵਾਲੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਪੁਲਿਸ ਸ਼ੁਰੂ ਵਿੱਚ ਵਿਦਿਆਰਥੀਆਂ ਨੂੰ ਸੜਕ ਖਾਲੀ ਕਰਨ ਲਈ ਮਨਾਉਣ ਵਿੱਚ ਕਾਮਯਾਬ ਰਹੀ, ਪਰ ਬਾਅਦ ਵਿੱਚ ਹਾਈਵੇਅ ਨੂੰ ਦੁਬਾਰਾ ਰੋਕ ਦਿੱਤਾ ਗਿਆ।

ਇਸ ਦੌਰਾਨ, ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਵਸਤੂਆਂ ਨੂੰ ਅੱਗ ਲਗਾ ਦਿੱਤੀ ਗਈ। ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਖਿੜਕੀਆਂ ਦੇ ਸ਼ੀਸ਼ੇ ਅਤੇ ਫੁੱਲਾਂ ਦੇ ਗਮਲੇ ਟੁੱਟੇ ਹੋਏ ਦਿਖਾਈ ਦਿੱਤੇ, ਜਦੋਂ ਕਿ ਰਿਪੋਰਟਾਂ ਵਿੱਚ ਫਰਨੀਚਰ, ਮੋਟਰਸਾਈਕਲਾਂ ਅਤੇ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਜ਼ਿਕਰ ਹੈ।

ਕੁਝ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਅੰਦਰ ਪ੍ਰਦਰਸ਼ਿਤ ਇੱਕ ਬੰਦ ਕੀਤੇ ਗਏ ਮਿਗ-23 ਜਹਾਜ਼ ਅਤੇ ਇੱਕ ਫੌਜੀ ਟੈਂਕ 'ਤੇ ਚੜ੍ਹ ਗਏ।

ਪੁਲਿਸ ਨੇ ਬਾਅਦ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਇੱਕ ਐਸਆਈਟੀ ਬਣਾਈ। ਜਾਂਚ ਫੋਰੈਂਸਿਕ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਫ਼ੋਨ ਡੇਟਾ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।

ਪੁਲਿਸ ਜਾਂਚ ਲਗਾਤਾਰ ਜਾਰੀ, ਪੀੜਤ ਵਿਦਿਆਰਥਣ ਕੌਣ ?

ਪੂਰੇ ਘਟਨਾਕ੍ਰਾਮ ਨੂੰ ਲੈ ਕੇ ਐਸਐਸਪੀ ਅਤੇ ਡੀਆਈਜੀ ਵੱਲੋਂ ਪੂਰੇ ਮਾਮਲੇ ਨੂੰ ਸ਼ੁਰੂ ਤੋਂ ਧਿਆਨ ਨਾਲ ਵੇਖਿਆ ਗਿਆ ਅਤੇ ਵਾਰ ਵਾਰ ਬਿਆਨ ਵੀ ਜਾਰੀ ਕੀਤੇ ਗਏ। ਵਿਦਿਆਰਥੀਆਂ ਨਾਲ ਕਈ ਦੌਰ ਦੀਆਂ ਮੀਟਿੰਗਾਂ ਵੀ ਹੋਈਆਂ, ਪਰੰਤੂ 'ਪੀੜਤ ਵਿਦਿਆਰਥਣ ਕੌਣ' ਸਬੰਧ 'ਚ ਕੋਈ ਗੱਲਬਾਤ ਸਾਹਮਣੇ ਨਹੀਂ ਆਈ।

ਇਥੋਂ ਤੱਕ ਕਿ ਡੀਜੀਪੀ ਗੌਰਵ ਯਾਦਵ ਨੇ ਵੀ ਯੂਨੀਵਰਸਿਟੀ ਪਹੁੰਚ ਕੇ ਘਟਨਾਕ੍ਰਮ ਦਾ ਜਾਇਜ਼ਾ ਲਿਆ, ਪਰੰਤੂ ਉਨ੍ਹਾਂ ਦੀ ਗੱਲਬਾਤ 'ਚ ਵੀ ਇਸ ਬਾਰੇ ਕੁੱਝ ਨਹੀਂ ਸੀ।

ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨ ਦਾ ਬਹੁਤ ਸੋਚ-ਸਮਝ ਕੇ ਫੈਸਲਾ ਲਿਆ ਹੈ। ਘਟਨਾ ਦੇ ਸਬੰਧ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇੱਕ ਉੱਚ-ਪੱਧਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਕੁਝ ਭੜਕਾਹਟ ਦੇ ਵਿਚਕਾਰ, ਕੁਝ ਤੱਤਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਪੁਲਿਸ ਵਾਹਨ 'ਤੇ ਪੱਥਰਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਸਾਰੇ ਤੱਤਾਂ ਦਾ ਸੀਸੀਟੀਵੀ ਫੁਟੇਜ ਰਾਹੀਂ ਵਿਗਿਆਨਕ ਅਤੇ ਤਕਨੀਕੀ ਤੌਰ 'ਤੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪੀੜਤ ਕੁੜੀ ਬਾਰੇ ਕੀ ਦਾਅਵਾ ਕੀਤਾ ?

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਵਿਵਾਦ ਦੇ ਸ਼ੁਰੂ ਤੋਂ ਇਹ ਦਾਅਵਾ ਹੈ ਕਿ ਹੋਸਟਲ ਜੀ3 ਦੇ ਕਮਰਾ ਨੰਬਰ 504 ਵਿੱਚ ਇੱਕ ਵਿਦਿਆਰਥਣ ਨਾਲ ਜ਼ਬਰ-ਜਨਾਹ ਹੋਇਆ। ਪੁਲਿਸ ਨੂੰ ਆਪਣੀ ਸਟੇਟਮੈਂਟ 'ਚ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਤੇ ਇਸ ਗੱਲ ਨੂੰ ਦਬਾਉਣ ਦੇ ਵੀ ਇਲਜ਼ਾਮ ਲਾਏ ਹਨ। ਸਟੇਟਮੈਂਟ ਅਨੁਸਾਰ, ਇੱਕ ਅਣਪਛਾਤੇ ਵਿਅਕਤੀ ਨੇ ਇੱਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ, ਜਿਸ ਦੀ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾਵੇ।

ਹਾਲਾਂਕਿ, ਇਸ ਐਫਆਈਆਰ ਵਿੱਚ ਵੀ 'ਪੀੜਤ ਵਿਦਿਆਰਥਣ ਕੌਣ' ਹੈ, ਬਾਰੇ ਇੱਕ ਵੀ ਸੰਕੇਤ ਨਹੀਂ ਮਿਲਦਾ। ਉਧਰ, ਵਿਦਿਆਰਥੀਆਂ ਵੱਲੋਂ ਵੀ ਅਜੇ ਤੱਕ ਗੱਲਬਾਤ ਦੌਰਾਨ ਪੀੜਤ ਵਿਦਿਆਰਥਣ ਦੇ ਸਬੰਧ ਵਿੱਚ ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਉਹ ਕੌਣ ਹੈ?

ਐਲਪੀਯੂ ਨੇ ਜਾਰੀ ਕੀਤੀ ਵੀਡੀਓ, ਖੜੇ ਹੋਏ ਸਵਾਲ ?

 ਉਧਰ, ਇਸ ਵਿਵਾਦ 'ਚ ਉਦੋਂ ਬਲਦੀ 'ਚ ਤੇਲ ਪੈ ਗਿਆ, ਜਦੋਂ ਯੂਨੀਵਰਸਿਟੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਨੇ ਤਿੰਨ ਵਿਦਿਆਰਥਣਾਂ ਦੀ ਇੱਕ ਵੀਡੀਓ ਜਾਰੀ ਕੀਤੀ। ਇਸ ਵੀਡੀਓ ਵਿੱਚ ਵਿਦਿਆਰਥਣਾਂ ਵੱਲੋਂ ਕਿਹਾ ਗਿਆ ਸੀ, ''ਉਹ ਕਮਰਾ ਨੰਬਰ 504 'ਚ ਰਹਿੰਦੀਆਂ ਹਨ। ਸਾਡੇ ਕਮਰੇ ਵਿੱਚ ਅਜਿਹਾ ਕੁਝ ਨਹੀਂ ਹੋਇਆ; ਅਸੀਂ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਰਹਿ ਰਹੇ ਹਾਂ। ਕਿਰਪਾ ਕਰਕੇ, ਪੁਲਿਸ ਅਤੇ ਵਿਦਿਆਰਥੀ, ਸਾਨੂੰ ਪਰੇਸ਼ਾਨ ਨਾ ਕਰੋ। ਸਾਡੇ ਕਮਰੇ ਵਿੱਚ ਅਜਿਹਾ ਕੁਝ ਨਹੀਂ ਹੋਇਆ, ਅਤੇ ਅਸੀਂ ਇਸ ਵਿੱਚ ਬਿਲਕੁਲ ਵੀ ਸ਼ਾਮਲ ਨਹੀਂ ਹਾਂ।"

ਮਾਮਲੇ 'ਚ ਉਦੋਂ ਮੋੜ ਆ ਗਿਆ, ਜਦੋਂ ਇਨ੍ਹਾਂ ਤਿੰਨੇ ਵਿਦਿਆਰਥਣਾਂ ਦਾ ਇੱਕ ਵੱਖਰਾ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਦਾਅਵਾ ਗਿਆ ਸੀ ਕਿ ਉਨ੍ਹਾਂ ਨੂੰ ਕੀ ਕਹਿਣਾ ਹੈ, ਇਸ ਬਾਰੇ (ਯੂਨੀਵਰਸਿਟੀ ਵੱਲੋਂ) ਹਦਾਇਤ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਬਿਆਨ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਵਰਤੇ ਗਏ ਸਨ।

ਹਾਲਾਂਕਿ, ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵੱਲੋਂ 'ਪੀੜਤ ਵਿਦਿਆਰਥਣ ਕੌਣ' ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਪ੍ਰਦਰਸ਼ਨ ਖ਼ਤਮ, ਪਰ 'ਪੀੜਤ ਵਿਦਿਆਰਥਣ ਕੌਣ' ਸਵਾਲ ਜਿਉਂ ਦਾ ਤਿਉਂ

ਯੂਨੀਵਰਸਿਟੀ 'ਚ ਅਫਵਾਹਾਂ ਤੋਂ ਸ਼ੁਰੂ ਹੋਇਆ ਪ੍ਰਦਰਸ਼ਨ ਮੀਟਿੰਗਾਂ-ਗੱਲਬਾਤਾਂ, ਇਲਜ਼ਾਮਾਂ ਤੋਂ ਹੁੰਦਾ ਹੋਇਆ ਹਿੰਸਕ ਪ੍ਰਦਰਸ਼ਨਾਂ ਤੱਕ ਪਹੁੰਚ ਗਿਆ। ਭਾਵੇਂ ਇਹ ਪ੍ਰਦਰਸ਼ਨ ਹੁਣ ਸ਼ਾਂਤ ਹੋ ਗਿਆ ਹੈ, ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਐਸਆਈਟੀ ਜਾਂਚ ਕਰ ਰਹੀ ਹੈ, ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਲਿਆ ਗਿਆ ਹੈ ਪਰੰਤੂ ਇਸ ਪੂਰੇ ਪ੍ਰਦਰਸ਼ਨ ਦੌਰਾਨ ਪੁਲਿਸ, ਯੂਨੀਵਰਸਿਟੀ ਅਤੇ ਵਿਦਿਆਰਥੀਆਂ ਵੱਲੋਂ ਜਿਸ 'ਪੀੜਤ ਵਿਦਿਆਰਥਣ' ਨੂੰ ਲੈ ਕੇ ਇਹ ਵਿਵਾਦ ਹੈ, ਉਸ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਇਹ ਸਵਾਲ ਵੀ ਜਿਉਂ ਦਾ ਤਿਉਂ ਬਾਕੀ ਹੈ ਕਿ ਵਿਦਿਆਰਥਣ ਕੌਣ ਹੈ ? ਕਿੱਥੋਂ ਦੀ ਰਹਿਣ ਵਾਲੀ ਹੈ? ਅਤੇ ਯੂਨੀਵਰਸਿਟੀ 'ਚ ਕਿਹੜੀ ਪੜ੍ਹਾਈ ਕਰ ਰਹੀ ਸੀ ? ਜਾਂ ਫਿਰ ਇਹ ਮਹਿਜ਼ ਇੱਕ ਅਫ਼ਵਾਹ ਸੀ।

ਇਹ ਵੀ ਪੜ੍ਹੋ...

ਬੈਂਕਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ, ਹੜਤਾਲ ਟਲੀ, ਜਾਣੋ ਬੈਂਕ ਯੂਨੀਅਨਾਂ ਵੱਲੋਂ ਕਿਉਂ ਕੀਤੀ ਜਾ ਰਹੀ ਸੀ ਹੜਤਾਲ ?

Related Post