Ludhiana Congress Meeting: ਲੁਧਿਆਣਾ ਕਾਂਗਰਸ ਦੀ ਅੱਜ ਅਹਿਮ ਮੀਟਿੰਗ ਹੋਈ, ਜਿਸ 'ਚ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ, ਸਾਬਕਾ ਮੰਤਰੀਆਂ ਤੋਂ ਇਲਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਵੀ ਮੌਜੂਦ ਰਹੇ, ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਮੰਚ ਤੋਂ ਮੁੜ ਤੋਂ ਕਾਂਗਰਸੀ ਆਗੂਆਂ ਅਤੇ ਕੈਮਰੇ ਚਲਾ ਰਹੇ ਮੀਡੀਆ 'ਤੇ ਗਰਮ ਹੁੰਦੇ ਵਿਖਾਈ ਦਿੱਤੇ।
ਆਪਣੇ ਹੀ ਕਾਂਗਰਸ ਦੇ ਆਗੂਆਂ 'ਤੇ ਗਰਮ ਹੁੰਦੇ ਵਿਖਾਈ ਦਿੱਤੇ ਆਸ਼ੂ ਨੇ ਕਿਹਾ ਕਿ ਸਾਡੇ ਹੀ ਆਗੂਆਂ 'ਚ ਡੀਸੀਪਲਣ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਗੰਭੀਰ ਮੁੱਦਾ ਹੈ, ਇਸ 'ਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਕਰਮੀਆਂ ਨੂੰ ਕੈਮਰੇ ਬੰਦ ਕਰਨ ਲਈ ਕਿਹਾ ਅਤੇ ਕਿਹਾ ਕਿ ਹੁਣ ਕੋਈ ਵੀਡਿਓ ਨਾ ਬਣਾਈ ਜਾਵੇ।
ਇਸ ਦੌਰਾਨ ਕਾਂਗਰਸ ਦੇ ਬਾਕੀ ਆਗੂ ਉਨ੍ਹਾਂ ਨੂੰ ਸਮਝਾਉਂਦੇ ਵਿਖਾਈ ਦਿੱਤੇ। ਭਾਰਤ ਭੂਸ਼ਨ ਆਸ਼ੂ ਨੇ ਕਿਹਾ ਸਾਨੂੰ ਰੌਲਾ ਪਾਉਣ ਵਾਲੇ ਨਹੀਂ ਚਾਹੀਦੇ। ਇਸ ਤੋਂ ਪਹਿਲਾਂ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ MP ਰਵਨੀਤ ਬਿੱਟੂ ਨੇ ਕਿਹਾ ਕਿ ਕੱਲ ਜੋ ਸਾਡੇ 'ਤੇ ਪੁਲਿਸ ਵੱਲੋਂ ਪਰਚਾ ਕੀਤਾ ਗਿਆ ਹੈ, ਅਸੀਂ ਡਰਨ ਵਾਲੇ ਨਹੀਂ ਹਾਂ, ਉਨ੍ਹਾਂ ਕਿਹਾ ਕਿ ਅਸੀਂ ਪਰਚੇ ਨੂੰ ਲੈ ਕੇ ਗ੍ਰਿਫਤਾਰੀ ਦਵਾਂਗੇ।
ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਦਫ਼ਤਰਾਂ ਦੇ ਵਿੱਚ ਕੰਮਕਾਜ ਨਹੀਂ ਹੋ ਰਹੇ ਹਨ, ਅਸੀਂ ਉਨ੍ਹਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਾਂਗੇ।
ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਲੁਧਿਆਣਾ ਦੀ ਸਾਰੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਮੌਜੂਦ ਹੈ, ਜਿਸ ਤੋਂ ਬਾਅਦ ਇਹਨਾਂ ਦੀ ਸਲਾਹ ਦੇ ਨਾਲ ਅੱਗੇ ਦੀ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਹੁੰਦੇ ਸਨ, ਪਹਿਲਾਂ ਵੀ ਮੁਜ਼ਾਰੇ ਹੁੰਦੇ ਸਨ, ਪਰ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕੀਤੀ ਗਈ ਸੀ।