ਮਹਾਰਾਜਾ ਰਣਜੀਤ ਸਿੰਘ ਦੀ ਬਰਸੀ : ਸ਼੍ਰੋਮਣੀ ਕਮੇਟੀ ਵੱਲੋਂ 21 ਜੂਨ ਨੂੰ ਪਾਕਿਸਤਾਨ ਭੇਜਿਆ ਜਾਵੇਗਾ 290 ਸ਼ਰਧਾਲੂਆਂ ਦਾ ਜਥਾ

By  KRISHAN KUMAR SHARMA June 19th 2026 03:25 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਇਹ ਜਥਾ 21 ਜੂਨ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਮੂਲੀਅਤ ਕਰਨ ਦੇ ਨਾਲ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ 302 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 290 ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜਦਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 12 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਹ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਉਪਰੰਤ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਮਗਰੋਂ 30 ਜੂਨ ਨੂੰ ਵਾਪਸ ਭਾਰਤ ਪਰਤੇਗਾ। 

ਉਨ੍ਹਾਂ ਕਿਹਾ ਕਿ ਸ਼ਰਧਾਲੂ ਵੀਜ਼ਾ ਲੱਗੇ ਪਾਸਪੋਰਟ 20 ਤੇ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ਾ ਨਹੀਂ ਲੱਗੇ ਉਨ੍ਹਾਂ ਦੇ ਸੀਰੀਅਲ ਨੰ: 33, 66, 67, 68, 76, 131, 143, 144, 145, 151, 291 ਤੇ 292 ਹਨ।

Related Post