ਪੱਕੇ ਤੌਰ 'ਤੇ ਲਾਗੂ ਹੋਵੇਗਾ 'ਖਾਲਸਾ ਟੈਕਸ' ! ਨਿਹੰਗ ਸਿੰਘਾਂ ਨੇ ਪੰਜਾਬ ਤੇ ਹਿਮਾਚਲ ਸਰਕਾਰ ਨੂੰ 21 ਜੂਨ ਤੱਕ ਦਿੱਤਾ ਅਲਟੀਮੇਟਮ
Khalsa Tax Punjab : ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਕੀਤੇ ਗਏ ਐਂਟਰੀ ਟੈਕਸ (Himachal Entry Tax) ਨੂੰ ਲੈ ਕੇ ਚੱਲ ਰਹੇ ਵਿਵਾਦ (Himachal Tax Row) ਨੇ ਇੱਕ ਵਾਰ ਫਿਰ ਤੂਲ ਫੜ ਲਿਆ ਹੈ। ਨਿਹੰਗ ਸਿੰਘ ਫੌਜਾਂ (Nihang Singhs) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ 21 ਜੂਨ ਤੋਂ ਪਹਿਲਾਂ ਹਿਮਾਚਲ ਸਰਕਾਰ, ਪੰਜਾਬ ਸਰਕਾਰ (Punjab Govenment) ਅਤੇ ਪ੍ਰਸ਼ਾਸਨ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਕੱਢਦੇ, ਤਾਂ 21 ਜੂਨ ਨੂੰ ਚੰਡੀਗੜ੍ਹ-ਕੁੱਲੂ-ਮਨਾਲੀ ਨੈਸ਼ਨਲ ਹਾਈਵੇ 'ਤੇ ਪਿੰਡ ਮੋੜਾ ਵਿਖੇ ਮੁੜ ਪੱਕੇ ਤੌਰ 'ਤੇ "ਖਾਲਸਾ ਟੈਕਸ" ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅੱਛਰ ਸਿੰਘ ਮਹਾਂਕਾਲ ਨੇ ਕਿਹਾ ਕਿ ਹਿਮਾਚਲ ਐਂਟਰੀ ਟੈਕਸ ਨੂੰ ਲੈ ਕੇ ਸੰਗਤਾਂ ਅਤੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਿਹੰਗ ਸਿੰਘ ਫੌਜਾਂ ਵੱਲੋਂ ਪਿੰਡ ਮੋੜਾ ਵਿਖੇ ਪ੍ਰਤੀਕਾਤਮਕ ਤੌਰ 'ਤੇ ਖਾਲਸਾ ਟੈਕਸ ਲਗਾਇਆ ਗਿਆ ਸੀ ਅਤੇ ਹੁਣ ਜੇਕਰ ਸਰਕਾਰਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ 21 ਜੂਨ ਤੋਂ ਇਹ ਟੈਕਸ ਪੱਕੇ ਤੌਰ 'ਤੇ ਲਗਾਇਆ ਜਾਵੇਗਾ।
ਉਤਰਾਖੰਡ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ
ਇਸ ਤੋਂ ਇਲਾਵਾ ਉੱਤਰਾਖੰਡ ਵਿੱਚ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਦੇ ਮਾਮਲੇ 'ਤੇ ਵੀ ਉਨ੍ਹਾਂ ਪ੍ਰਤੀਕਿਰਿਆ ਦਿੱਤੀ। ਬਾਬਾ ਅੱਛਰ ਸਿੰਘ ਮਹਾਂਕਾਲ ਨੇ ਕਿਹਾ ਕਿ ਇਸ ਘਟਨਾ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ।
ਫਿਲਹਾਲ, 21 ਜੂਨ ਨੂੰ ਨਿਹੰਗ ਸਿੰਘ ਫੌਜਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਭੂਮਿਕਾ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
- PTC NEWS