Amritsar ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ; ਕਰੀਬ 7 ਕੁਇੰਟਲ ਨਕਲੀ ਦੇਸੀ ਘਿਓ ਕੀਤਾ ਸੀਜ਼

ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਦੁੱਧ, ਦਹੀਂ, ਪਨੀਰ, ਘਿਓ ਅਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

By  Aarti June 3rd 2026 06:03 PM

Amritsar News : ਅੰਮ੍ਰਿਤਸਰ ਵਿੱਚ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਹਤ ਵਿਭਾਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਰੀਬ 7 ਕੁਇੰਟਲ ਸ਼ੱਕੀ ਦੇਸੀ ਘਿਓ ਸੀਜ਼ ਕੀਤਾ ਹੈ। ਇਹ ਕਾਰਵਾਈ ਸਿਹਤ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜੋ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਲਵਿੰਦਰਜੀਤ ਸਿੰਘ ਅਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ ਵਿੱਚ ਲਿਆਂਦੀ ਗਈ।

ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਦੁੱਧ, ਦਹੀਂ, ਪਨੀਰ, ਘਿਓ ਅਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਵੇਰੇ ਕੀਤੀ ਗਈ ਜਾਂਚ ਦੌਰਾਨ ਰਾਮਬਾਗ ਖੇਤਰ ਵਿੱਚ ਸਥਿਤ ਸੋਨੂ ਡੇਅਰੀ 'ਤੇ ਛਾਪਾ ਮਾਰਿਆ ਗਿਆ।

ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਡੇਅਰੀ ਸੰਬੰਧੀ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੇ ਆਧਾਰ 'ਤੇ ਪਨੀਰ ਦੇ ਸੈਂਪਲ ਲਏ ਗਏ। ਜਾਂਚ ਦੌਰਾਨ ਡੇਅਰੀ ਵਿੱਚ ਹਰਿਆਣਾ ਦੇ ਸਿਰਸਾ ਤੋਂ "ਪ੍ਰਭੂ ਦੇਸੀ ਘਿਓ" ਬ੍ਰਾਂਡ ਦੇ 48 ਟੀਨ ਵੀ ਮਿਲੇ। ਜਦੋਂ ਅਧਿਕਾਰੀਆਂ ਨੇ ਸਪਲਾਈ ਨਾਲ ਸੰਬੰਧਿਤ ਬਿੱਲਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਘਿਓ ਦੀ ਖਰੀਦ ਕੀਮਤ ਮੌਜੂਦਾ ਬਾਜ਼ਾਰ ਦਰ ਨਾਲੋਂ ਕਾਫ਼ੀ ਘੱਟ ਸੀ।

ਇਸ ਗੱਲ ਨੇ ਵਿਭਾਗ ਨੂੰ ਸ਼ੱਕ ਪੈਦਾ ਕੀਤਾ ਕਿ ਘਿਓ ਦੀ ਗੁਣਵੱਤਾ ਵਿੱਚ ਕੋਈ ਗੜਬੜ ਹੋ ਸਕਦੀ ਹੈ। ਇਸ ਤੋਂ ਬਾਅਦ 48 ਟੀਨ, ਜਿਨ੍ਹਾਂ ਵਿੱਚ ਹਰ ਇੱਕ ਦਾ ਭਾਰ 15 ਕਿਲੋ ਸੀ, ਨੂੰ ਸੀਜ਼ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਕਰੀਬ 720 ਕਿਲੋ (ਲਗਭਗ 7 ਕੁਇੰਟਲ) ਦੇਸੀ ਘਿਓ ਕਬਜ਼ੇ ਵਿੱਚ ਲਿਆ ਗਿਆ।

ਸਿਹਤ ਵਿਭਾਗ ਵੱਲੋਂ ਪਨੀਰ ਅਤੇ ਦੇਸੀ ਘਿਓ ਦੋਵਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬੋਰਟਰੀ ਭੇਜੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਘਿਓ ਜਾਂ ਹੋਰ ਉਤਪਾਦ ਗ਼ੈਰ-ਮਿਆਰੀ ਜਾਂ ਮਿਲਾਵਟੀ ਪਾਏ ਗਏ ਤਾਂ ਪੂਰੇ ਸਟਾਕ ਨੂੰ ਨਸ਼ਟ ਕਰਨ ਦੇ ਨਾਲ-ਨਾਲ ਸਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਿਲਾਵਟ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। 

ਇਹ ਵੀ ਪੜ੍ਹੋ  : America ’ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ; ਜੋਬਨਪ੍ਰੀਤ ਤੋਂ ਕਰੀਬ 90 ਕਰੋੜ ਦੀ ਹੈਰੋਇਨ ਹੋਈ ਸੀ ਬਰਾਮਦ

Related Post