ਮਲੇਸ਼ੀਆ ਏਅਰਲਾਈਨਜ਼ ਦੀ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਜਲਦ

By  Jasmeet Singh September 1st 2023 02:30 PM

ਅੰਮ੍ਰਿਤਸਰ: ਮਲੇਸ਼ੀਆ ਏਅਰਲਾਈਨਜ਼ ਨੇ 8 ਨਵੰਬਰ 2023 ਤੋਂ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਾਂਚ ਹੋਣ ਤੋਂ ਬਾਅਦ, ਆਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਹਾਂਗਕਾਂਗ ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਲਈ ਹਵਾਈ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਸ਼ੁਰੂ ਹੋਣ ਵਾਲੀ ਇਹ ਉਡਾਣ ਇਨ੍ਹਾਂ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਸੁਵਿਧਾਜਨਕ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਏਅਰਲਾਈਨਜ਼ ਮਲੇਸ਼ੀਆ ਦੀ ਤੀਜੀ ਏਅਰਲਾਈਨਜ਼ ਹੋਵੇਗੀ ਜੋ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਫਿਲਹਾਲ ਬਾਟਿਕ ਏਅਰ ਇਨ੍ਹਾਂ ਉਡਾਣਾਂ ਨੂੰ ਹਫਤੇ 'ਚ ਤਿੰਨ ਦਿਨ ਚਲਾਏਗੀ, ਜਦਕਿ ਏਅਰ ਏਸ਼ੀਆ ਐਕਸ-3 ਸਤੰਬਰ ਤੋਂ ਇਸ ਰੂਟ 'ਤੇ ਹਫ਼ਤੇ 'ਚ ਚਾਰ ਦਿਨ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ। ਯੋਗੇਸ਼ ਕਾਮਰਾ ਨੇ ਕਿਹਾ ਕਿ ਮਲੇਸ਼ੀਆ ਏਅਰਲਾਈਨਜ਼ ਦੀ ਵੈੱਬਸਾਈਟ 'ਤੇ ਉਪਲਬਧ ਸਮਾਂ ਸੂਚੀ ਮੁਤਾਬਕ ਇਹ ਏਅਰਲਾਈਨ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਕੰਮ ਕਰੇਗੀ।



ਉਨ੍ਹਾਂ ਦੱਸਿਆ ਕਿ ਇਹ ਫਲਾਈਟ ਕੁਆਲਾਲੰਪੁਰ ਤੋਂ ਸ਼ਾਮ 6:50 'ਤੇ ਉਡਾਨ ਭਰੇਗੀ ਅਤੇ ਰਾਤ 10:10 'ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗੀ। ਇਹ ਫਿਰ ਅੰਮ੍ਰਿਤਸਰ ਤੋਂ ਰਾਤ 11:25 'ਤੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 7:30 'ਤੇ ਮਲੇਸ਼ੀਆ (ਕੁਆਲਾਲੰਪੁਰ) ਪਹੁੰਚੇਗੀ। ਇਸ ਨਵੀਂ ਉਡਾਣ ਦੇ ਐਲਾਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਮਟਾਲਾ ਅਤੇ ਕਾਮਰਾ ਨੇ ਕਿਹਾ ਕਿ ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 

ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਕੁਆਲਾਲੰਪੁਰ ਰਾਹੀਂ ਸਿਰਫ਼ ਦੋ ਤੋਂ ਤਿੰਨ ਘੰਟਿਆਂ ਵਿੱਚ ਯਾਤਰੀਆਂ ਨੂੰ ਮੈਲਬੋਰਨ, ਸਿਡਨੀ, ਪਰਥ, ਐਡੀਲੇਡ, ਓਕਲੈਂਡ, ਬੈਂਕਾਕ, ਫੁਕੇਟ, ਹਾਂਗਕਾਂਗ, ਮਨੀਲਾ ਅਤੇ ਹੋਰ ਕਈ ਸ਼ਹਿਰਾਂ ਨਾਲ ਜੋੜ ਦੇਵੇਗੀ। ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਹੁਣ ਦਿੱਲੀ ਹਵਾਈ ਅੱਡੇ ਤੋਂ ਲੰਘਣ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ: KBC-15: ਪੰਜਾਬ ਦਾ ਜਸਕਰਨ ਸਿੰਘ ਬਣਿਆ ਕਰੋੜਪਤੀ, ਕੀ 7 ਕਰੋੜ ਜਿੱਤ ਕੇ ਰਚੇਗਾ ਨਵਾਂ ਇਤਿਹਾਸ ?

Related Post