Mohali : ਭਾਂਖਰਪੁਰ ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਵਾਰਦਾਤ ਪਿੱਛੇ ਪੁਰਾਣੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਕਾਰਨ

Mohali News : ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਪਿਓ-ਪੁੱਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (52) ਵਾਸੀ ਭਾਂਖਰਪੁਰ ਵਜੋਂ ਹੋਈ ਹੈ।

By  KRISHAN KUMAR SHARMA May 7th 2026 01:24 PM -- Updated: May 7th 2026 01:25 PM

Mohali News : ਡੇਰਾਬੱਸੀ, ਪੜ੍ਹੀ ਨੇੜਲੇ ਪਿੰਡ ਭਾਂਖਰਪੁਰ ਦੇ ਬੱਸ ਸਟੈਂਡ ’ਤੇ ਅੱਜ ਸ਼ਾਮ ਇੱਕ 52 ਸਾਲਾਂ ਵਿਅਕਤੀ  ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਪਿਓ-ਪੁੱਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (52) ਵਾਸੀ ਭਾਂਖਰਪੁਰ ਵਜੋਂ ਹੋਈ ਹੈ।

ਡੇਰਾਬੱਸੀ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਦੇ ਪੁੱਤਰ ਬਬਨਪ੍ਰੀਤ ਸਿੰਘ ਉਰਫ਼ ਹਨੀ ਨੇ ਦੱਸਿਆ ਕਿ ਉਸ ਦੇ ਪਿਤਾ ਆਪਣਾ ਮੋਟਰਸਾਈਕਲ ਸਰਵਿਸ ਕਰਵਾਉਣ ਲਈ ਪਿੰਡ ਦੇ ਬੱਸ ਸਟੈਂਡ ਸਥਿਤ ਮੈਕੇਨਿਕ ਦੀ ਦੁਕਾਨ ’ਤੇ ਗਏ ਸਨ। ਇਸੇ ਦੌਰਾਨ ਉੱਥੇ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਬਲਜੀਤ ਸਿੰਘ ਅਤੇ ਉਸ ਦੇ ਪਿਤਾ ਮੋਹਨ ਸਿੰਘ ਦੀ ਤਰਸੇਮ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਮੁਲਜ਼ਮਾਂ ਨੇ ਤਰਸੇਮ ਸਿੰਘ ਦੀ ਛਾਤੀ ਵਿੱਚ ਚਾਕੂ ਦੇ ਨਾਲ ਕਈ ਵਾਰ ਕੀਤੇ,  ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ। 

ਪੰਚਾਇਤ ਤੱਕ ਪਹੁੰਚਿਆ ਸੀ ਮਾਮਲਾ

ਪਿੰਡ ਵਾਸੀਆਂ ਅਨੁਸਾਰ ਮੁਲਜ਼ਮਾਂ ਦਾ ਮ੍ਰਿਤਕ ਦੇ ਭਤੀਜੇ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀ, ਜਿਸ ਸਬੰਧੀ ਪਹਿਲਾਂ ਪੰਚਾਇਤ ਵੀ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਤਰਸੇਮ ਸਿੰਘ ਬਹੁਤ ਹੀ ਨੇਕ ਅਤੇ ਧਾਰਮਿਕ ਵਿਚਾਰਾਂ ਵਾਲਾ ਇਨਸਾਨ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਭਤੀਜੇ ਦੀ ਰੰਜਿਸ਼ ਕਾਰਨ ਤਰਸੇਮ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ।

 ਵਾਰਦਾਤ ਸਮੇਂ ਪੁਲਿਸ ਨੇ ਨੇੜੇ ਹੀ ਨਾਕਾ ਲਗਾਇਆ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੰਭੀਰ ਹਾਲਤ ਵਿੱਚ ਤਰਸੇਮ ਸਿੰਘ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਮਿਤ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦ ਹੀ ਅਸਲ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Post