ਅੰਮ੍ਰਿਤਸਰ 'ਚ ਧਮਾਕੇ ਪਿੱਛੋਂ ਛੇਹਰਟਾ 'ਚ ਲਾਵਾਰਿਸ ਮਿਲੀ ਇੱਕ ਕਾਰ, ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਵੇਖੋ Video
Amritsar Blast Update : ਅੱਜ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਛੇਹਰਟਾ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਕ ਲਾਵਾਰਿਸ ਹਾਲਤ ਵਿੱਚ ਖੜੀ ਗੱਡੀ ਮਿਲੀ। ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਹੋਣ ਅਤੇ ਅੰਦਰ ਡਰੰਮ 'ਤੇ ਤਾਰਾਂ ਪਏ ਹੋਣ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਲੋਕਾਂ ਨੂੰ ਸ਼ੱਕ ਸੀ ਕਿ ਗੱਡੀ ਵਿੱਚ ਕੋਈ ਖਤਰਨਾਕ ਸਮੱਗਰੀ ਹੋ ਸਕਦੀ ਹੈ, ਜਿਸ ਕਾਰਨ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਲਾਵਾਰਸ ਹਾਲਤ 'ਚ ਮਿਲੀ ਕਾਰ
ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਕਮਾਂਡੋ ਫੋਰਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਗੱਡੀ ਸ਼ੱਕੀ ਹਾਲਤ ਵਿੱਚ ਮਿਲੀ, ਜਿਸ ਦੇ ਅੰਦਰ ਪਏ ਡਰੰਮ ਸ਼ਰਾਬ ਵਾਲੇ ਹੋ ਸਕਦੇ ਹਨ, ਪਰ ਤਾਰਾਂ ਦੀ ਮੌਜੂਦਗੀ ਕਾਰਨ ਪੂਰੀ ਜਾਂਚ ਕਰਨਾ ਜ਼ਰੂਰੀ ਹੈ। ਪੁਲਿਸ ਅਧਿਕਾਰੀ ਦੇ ਅਨੁਸਾਰ, ਗੱਡੀ ਨੂੰ ਛੱਡ ਕੇ ਜਾਣ ਵਾਲਾ ਵਿਅਕਤੀ ਸੰਭਵ ਤੌਰ ‘ਤੇ ਪੁਲਿਸ ਨੂੰ ਵੇਖ ਕੇ ਭੱਜ ਗਿਆ।
ਇਸ ਦੇ ਬਾਵਜੂਦ ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਅਦ ਵੀ ਕਾਫੀ ਸਮੇਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੁਕਾਨਦਾਰਾਂ ਨੇ ਕਿਹਾ ਕਿ ਦੁਪਹਿਰ ਕਰੀਬ 2 ਵਜੇ ਤੋਂ ਇਹ ਗੱਡੀ ਉਥੇ ਖੜੀ ਹੈ ਅਤੇ ਕਮਾਂਡੋ ਗਸ਼ਤ ਦੌਰਾਨ ਵੀ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ, ਪਰ ਸ਼ਾਮ ਤੱਕ ਵੀ ਗੱਡੀ ਨੂੰ ਹਟਾਇਆ ਨਹੀਂ ਗਿਆ।
ਅੰਮ੍ਰਿਤਸਰ ਧਮਾਕੇ ਪਿੱਛੋਂ ਲੋਕਾਂ 'ਚ ਸਹਿਮ ਦਾ ਮਾਹੌਲ
ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਮੀਟ ਦੀ ਦੁਕਾਨ ਦੇ ਸਾਹਮਣੇ ਇਹ ਗੱਡੀ ਖੜੀ ਹੈ ਅਤੇ ਅੰਦਰ ਮੌਜੂਦ ਸਮਾਨ ਦੇਖ ਕੇ ਲੋਕ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਖਾਸਾ ਇਲਾਕੇ ਵਿੱਚ ਆਰਮੀ ਕੈਂਪ ਦੇ ਬਾਹਰ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਲਾਵਾਰਿਸ ਗੱਡੀ ਮਿਲਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਗੱਡੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ। ਇਸਦੇ ਨਾਲ ਹੀ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਗੱਡੀ ਦੇ ਮਾਲਕ ਦਾ ਪਤਾ ਲਗਾਇਆ ਜਾ ਸਕੇ।
ਫਿਲਹਾਲ, ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਲੋਕ ਪ੍ਰਸ਼ਾਸਨ ਤੋਂ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਤੋਂ ਬਚਿਆ ਜਾ ਸਕੇ।
- PTC NEWS