ਹੁਣ ਰਾਜਸਥਾਨ ਚ ਦੁਹਰਾਈ ਗਈ ਮਣੀਪੁਰ ਦੀ ਘਟਨਾ! ਵੀਡੀਓ ਵਾਇਰਲ ਹੋਣ ਤੇ ਮਚਿਆ ਹੜਕੰਪ
Manipur Like Incident From Rajasthan: ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਹਿੰਸਾ ਦਾ ਮੁੱਦਾ ਫਿਲਹਾਲ ਸ਼ਾਂਤ ਵੀ ਨਹੀਂ ਹੋਇਆ ਹੈ, ਇਸੇ ਦੌਰਾਨ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਵੀ ਮਣੀਪੁਰ ਵਰਗਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ।
ਔਰਤ ਦੇ ਪਤੀ ਅਤੇ ਪਰਿਵਾਰ ਵਾਲਿਆਂ 'ਤੇ ਇਹ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਹਿਲਾਂ ਉਸ ਦੇ ਕਪੜੇ ਲਾਹ ਦਿੱਤੇ ਅਤੇ ਫਿਰ ਉਸਨੂੰ ਨਗਨ ਅਵਸਥਾ 'ਚ ਪਿੰਡ ਦੇ ਆਲੇ-ਦੁਆਲੇ ਘੁੰਮਾਇਆ। ਇਸ ਦੌਰਾਨ ਔਰਤ ਰੌਲਾ ਪਾਉਂਦੀ ਰਹੀ ਪਰ ਪਤੀ ਸਮੇਤ ਪਰਿਵਾਰ ਵਾਲਿਆਂ ਨੂੰ ਉਸ 'ਤੇ ਤਰਸ ਨਹੀਂ ਆਇਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਜ਼ਿਲ੍ਹੇ ਦੇ ਧਾਰਿਆਵਾੜ ਕਸਬੇ ਦੇ ਪਹਾੜ ਪਿੰਡ ਦੀ ਦੱਸੀ ਜਾ ਰਹੀ ਹੈ।
ਮਹਿਲਾ ਦੀ ਕਥਿਤ ਤੌਰ 'ਤੇ ਕੁੱਟਮਾਰ ਅਤੇ ਨੰਗੀ ਪਰੇਡ ਕਰਨ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਗ੍ਰਿਫ਼ਤਾਰੀ ਦੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ, "ਮਹਿਲਾ ਦੇ ਪਤੀ ਸਮੇਤ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਤੋਂ ਬਚਦੇ ਹੋਏ ਉਹ ਜ਼ਖਮੀ ਵੀ ਹੋ ਗਏ। ਉਨ੍ਹਾਂ ਦਾ ਪ੍ਰਤਾਪਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।"
ਇਸ ਸਬੰਧੀ ਰਾਜਸਥਾਨ ਦੇ ਸੀ.ਐੱਮ. ਨੇ ਟਵੀਟ ਕਰਕੇ ਇਨਸਾਫ਼ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, "ਪ੍ਰਤਾਪਗੜ੍ਹ ਜ਼ਿਲੇ 'ਚ ਨੂੰਹ ਅਤੇ ਸਹੁਰਿਆਂ ਵਿਚਾਲੇ ਹੋਏ ਪਰਿਵਾਰਕ ਝਗੜੇ 'ਚ ਸਹੁਰਿਆਂ ਵਲੋਂ ਇਕ ਔਰਤ ਨੂੰ ਨੰਗਾ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਪੁਲਿਸ ਮਹਾਨਿਰਦੇਸ਼ਕ ਨੂੰ ਏਡੀਜੀ ਕ੍ਰਾਈਮ ਨੂੰ ਮੌਕੇ 'ਤੇ ਭੇਜ ਕੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਅਤੇ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ।"
ਮਹਿਲਾ 'ਤੇ ਕਿਉਂ ਢਾਈ ਅਜੇਹੀ ਤਸ਼ੱਦਦ ...?
ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਫਿਲਹਾਲ ਉਹ ਗਰਭਵਤੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਸੀ।
ਪੂਰਾ ਪਰਿਵਾਰ ਔਰਤ ਖ਼ਿਲਾਫ਼ ਜ਼ੁਲਮ ਵਿੱਚ ਸ਼ਾਮਲ
ਇਸ ਦੇ ਨਾਲ ਹੀ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦੀ ਸੂਚਨਾ ਮਿਲਣ 'ਤੇ ਪਤੀ ਨੇ ਪਰਿਵਾਰ ਦੀ ਮਦਦ ਨਾਲ ਪਿੱਛਾ ਕਰਕੇ ਪਤਨੀ ਨੂੰ ਫੜ ਲਿਆ। ਇਸ ਤੋਂ ਬਾਅਦ ਪਰਿਵਾਰ ਵਾਲੇ ਗਰਭਵਤੀ ਔਰਤ ਨੂੰ ਪਿੰਡ ਲੈ ਆਏ ਅਤੇ ਇਸ ਤੋਂ ਬਾਅਦ ਪਤੀ ਨੇ ਉਸਦੇ ਜਬਰਨ ਕਪੜੇ ਲਾਹ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਦੇ ਨਾਲ ਜ਼ੁਲਮ ਕਰਨ ਵਿੱਚ ਉਸ ਦੇ ਪਤੀ, ਸੱਸ ਅਤੇ ਸਹੁਰੇ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਸਨ।
ਪਿਛਲੇ ਹਫ਼ਤੇ ਦਾ ਦੱਸਿਆ ਜਾ ਰਿਹਾ ਮਾਮਲਾ
ਔਰਤ ਨਾਲ ਬੇਰਹਿਮੀ ਦਾ ਇਹ ਮਾਮਲਾ ਪਿਛਲੇ ਹਫ਼ਤੇ ਦਾ ਹੈ, ਜੋ ਹੁਣ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਨਾਲ ਕਿਸ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ ਹੈ। ਦੂਜੇ ਪਾਸੇ ਭਾਜਪਾ ਨੇਤਾ ਅਰੁਣ ਯਾਦਵ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਘਟਨਾ ਨਾਲ ਸਬੰਧਤ ਵੀਡੀਓ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਰਾਜਸਥਾਨ ਵਿੱਚ ਔਰਤਾਂ ਨਾਲ ਅਣਮਨੁੱਖੀ ਵਰਤਾਰੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ।