TarnTaran News: ਤਰਨਤਾਰਨ ਦੀ ਇਸ ਧੀ ਨੇ ਜੱਜ ਬਣ ਵਧਾਇਆ ਪਰਿਵਾਰ ਤੇ ਪੰਜਾਬ ਦਾ ਮਾਣ, ਘਰ ਚ ਖੁਸ਼ੀ ਦਾ ਮਾਹੌਲ

ਦੱਸ ਦਈਏ ਕਿ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਪਹਿਲੀ ਕੁੜੀ ਹੈ, ਜਿਸ ਨੇ ਬਤੌਰ ਜੱਜ ਬਣਦੇ ਹੋਏ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਕਸਬਾ ਝਬਾਲ ਨਿਵਾਸੀ ਮੀਨਾਕਸ਼ੀ ਪੁੱਤਰੀ ਸੁਭਾਸ਼ ਚੰਦਰ ਵੱਲੋਂ ਪੀ.ਸੀ.ਐੱਸ. ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਦੋ ਇਮਤਿਹਾਨ ਦਿੱਤੇ ਗਏ ਸਨ।

By  Aarti October 12th 2023 08:42 PM

ਪਵਨ ਕੁਮਾਰ (ਤਰਨਤਾਰਨ): ਤਰਨਤਾਰਨ ਦੇ ਕਸਬਾ ਝਬਾਲ ਦੀ ਜੰਮਪਲ ਧੀ ਮੀਨਾਕਸ਼ੀ ਵੱਲੋਂ ਦਿੱਤੇ ਗਏ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀਆਂ ਦਾ ਮਾਹੌਲ ਹੈ।

ਦੱਸ ਦਈਏ ਕਿ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਪਹਿਲੀ ਕੁੜੀ ਹੈ, ਜਿਸ ਨੇ ਬਤੌਰ ਜੱਜ ਬਣਦੇ ਹੋਏ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਕਸਬਾ ਝਬਾਲ ਨਿਵਾਸੀ ਮੀਨਾਕਸ਼ੀ ਪੁੱਤਰੀ ਸੁਭਾਸ਼ ਚੰਦਰ ਵੱਲੋਂ ਪੀ.ਸੀ.ਐੱਸ. ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਦੋ ਇਮਤਿਹਾਨ ਦਿੱਤੇ ਗਏ ਸਨ, ਜਿਸ ਦੌਰਾਨ ਮਿਨਾਕਸ਼ੀ ਵੱਲੋਂ ਸੂਬੇ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਦੌਰਾਨ ਬੀਤੀ 6 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਮੀਨਾਕਸ਼ੀ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ। 

ਬੀਤੇ ਬੁੱਧਵਾਰ ਸ਼ਾਮ ਮਿਲੀ ਇਸ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਲਾਕੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਬਤੌਰ ਜੱਜ ਚੁਣੀ ਗਈ। ਮੀਨਾਕਸ਼ੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਸੁਭਾਸ਼ ਚੰਦਰ ਜੋ ਭਾਰਤੀ ਜੀਵਨ ਬੀਮਾ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਬਰਾਂਚ ਮੈਨੇਜਰ ਹਨ, ਅਤੇ ਚਾਚਾ ਨਰੇਸ਼ ਕੁਮਾਰ ਪੰਜਾਬ ਪੁਲਿਸ ਵਿੱਚ ਥਾਣੇਦਾਰ ਹਨ।

ਮੀਨਾਕਸ਼ੀ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਹਮੇਸ਼ਾ ਹੀ ਪੜ੍ਹ ਲਿਖ ਕੇ ਜੱਜ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਜਿਸ ਦੇ ਚਲਦਿਆਂ ਪਰਿਵਾਰ ਵੱਲੋਂ ਮਿਲੇ ਸਾਥ ਅਤੇ ਹਿੰਮਤ ਕਰਕੇ ਉਹ ਅੱਜ ਇਸ ਮੁਕਾਮ ਉੱਪਰ ਪਹੁੰਚ ਗਈ ਹੈ। ਮੀਨਾਕਸ਼ੀ ਨੇ ਦੱਸਿਆ ਮਿਹਨਤ ਕਰਨ ਉਪਰੰਤ ਹਾਸਿਲ ਕੀਤੇ ਗਏ ਇਸ ਅਹੁਦੇ ਦੀ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਹੀ ਇਨਸਾਫ਼ ਦਿਵਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਮੀਨਾਕਸ਼ੀ ਨੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਉਹ ਮਿਹਨਤ ਕਰਨ ਤਾਂ ਇੱਥੇ ਹੀ ਸਭ ਕੁਝ ਹੈ।

ਇਸ ਮੌਕੇ ਮੀਨਾਕਸ਼ੀ ਦੇ ਪਿਤਾ ਸੁਭਾਸ਼ ਚੰਦਰ ਨੇ ਆਪਣੀ ਬੇਟੀ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਮਾਨ ਵਾਲੀ ਗੱਲ ਹੈ ਉਨ੍ਹਾਂ ਦੀ ਬੇਟੀ ਨੇ ਕੁੱਲ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਮੀਨਾਕਸ਼ੀ ਦੇ ਪਿਤਾ ਨੇ ਧੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਚੰਗੀ ਸਿੱਖਿਆ ਦਿਵਾਉਣ ਧੀਆਂ ਮੁੰਡਿਆਂ ਨਾਲੋਂ ਮਾਪਿਆਂ ਦਾ ਨਾਮ ਜਿਆਦਾ ਰੌਸ਼ਨ ਕਰਦੀਆਂ ਹਨ।

ਇਸ ਮੌਕੇ ਮੀਨਾਕਸ਼ੀ ਦੇ ਚਾਚਾ ਨਰੇਸ਼ ਕੁਮਾਰ ਜੋ ਕਿ ਪੰਜਾਬ ਪੁਲਿਸ ਵਿੱਚ ਥਾਣੇਦਾਰ ਹੈ, ਉਸਨੇ ਕਿਹਾ ਕਿ ਉਸਨੂੰ ਆਪਣੀ ਬੇਟੀ ਤੇ ਫ਼ਖ਼ਰ ਹੈ। ਨਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਉਨ੍ਹਾਂ ਦੀ ਬੇਟੀ ਲੋਕਾਂ ਨਾਲ ਇਨਸਾਫ਼ ਕਰੇਗੀ। 

Related Post