ਜਦੋਂ ਮਜੀਠੀਆ ਜੇਲ ਚ ਸੀ, ਤਾਂ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਤੇ ਜ਼ਮਾਨਤ ਕਰਵਾ ਦਿੱਤੀ... ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ

Kunwar Vijay Pratap Singh : 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਮਜੀਠੀਆ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਉਹ ਬਹੁਤ ਹੀ ਗਲਤ ਢੰਗ ਹੈ, ਕਿਉਂਕਿ ਹਰ ਇੱਕ ਦੀ ਇੱਜ਼ਤ ਹੁੰਦੀ ਹੈ, ਭਾਵੇਂ ਉਹ ਕੋਈ ਵੀ ਵਿਅਕਤੀ ਹੋਵੇ।

By  KRISHAN KUMAR SHARMA June 25th 2025 04:22 PM -- Updated: June 25th 2025 04:47 PM

Kunwar Vijay Pratap Singh : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਮਜੀਠੀਆ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਉਹ ਬਹੁਤ ਹੀ ਗਲਤ ਢੰਗ ਹੈ, ਕਿਉਂਕਿ ਹਰ ਇੱਕ ਦੀ ਇੱਜ਼ਤ ਹੁੰਦੀ ਹੈ, ਭਾਵੇਂ ਉਹ ਕੋਈ ਵੀ ਵਿਅਕਤੀ ਹੋਵੇ।

ਆਪਣੀ ਫੇਸਬੁੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਵਿਧਾਇਕ ਨੇ ਕਿਹਾ, ''ਜਦੋਂ ਜੇਲ ਦੇ ਵਿੱਚ ਸੀਗੇ ਮਜੀਠੀਆ ਜੀ; ਤਾਂ ਮਾਨ ਸਾਬ੍ਹ, ਦੀ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ। ਬਰਗਾੜੀ ਬੇਅਦਬੀ ਦੇ ਇਨਸਾਫ਼ ਦੇ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ।''

''ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ''

ਉਨ੍ਹਾਂ ਅੱਗੇ ਕਿਹਾ, ''ਮਜੀਠੀਆ ਜੀ ਦੇ ਨਾਲ ਮੇਰਾ ਵਿਚਾਰਕ ਮਤਭੇਦ ਹੈ ਅਤੇ ਰਹੇਗਾ; ਲੇਕਿਨ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ; ਚਾਹੇ ਉਹ ਨੇਤਾ ਹੋਵੇ, ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ; ਦੋਸਤ ਹੋਵੇ ਜਾਂ ਦੁਸ਼ਮਣ। ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ; ਤਕਰੀਬਨ ਹਰ ਆਉਣ ਵਾਲਿਆਂ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤਾ ਲੇਕਿਨ ਸਿੱਟਾ ਕੋਈ ਖਾਸ ਨਿਕਲਦਾ ਨਹੀਂ।''

''ਜਦੋਂ ਮਜੀਠੀਆ ਜੇਲ੍ਹ 'ਚ ਸੀ ਤਾਂ ਸਰਕਾਰ ਨੇ ਕੋਈ ਪੁੱਛਗਿੱਛ ਨਹੀਂ ਕੀਤੀ...''

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ, ''ਕਿਸੇ ਦੇ ਨਾਲ ਮੇਰਾ ਸਿਆਸੀ ਤੌਰ 'ਤੇ ਮਤਭੇਦ ਹੋ ਸਕਦਾ ਹੈ, Ideological difference ਹੋ ਸਕਦਾ ਹੈ; ਲੇਕਿਨ ਨੀਤੀ, ਧਰਮ ਤੇ ਦਿਆਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜਿਮੀ ਹੋ ਜਾਂਦੀ ਹੈ। ਜਦੋਂ ਮਜੀਠੀਆ ਸਾਬ੍ਹ, ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ ਦੇ ਵਿੱਚ ਸਨ ਤਾਂ ਮਾਨ ਸਾਬ੍ਹ, ਦੀ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਅਤੇ ਕੋਈ ਪੁੱਛਗਿੱਛ ਨਹੀਂ ਕੀਤੀ ਗਈ; ਬਾਅਦ ਦੇ ਵਿੱਚ ਮਾਨ ਸਾਬ੍ਹ, ਦੇ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਸੀ। ਹਾਈ ਕੋਰਟ ਨੇ ਇਸ ਗਰਾਊਂਡ 'ਤੇ ਜ਼ਮਾਨਤ ਦਿੱਤੀ ਕਿ ਜੇਕਰ ਪੁਲਿਸ ਨੂੰ ਪੁੱਛਗਿੱਛ ਵਾਸਤੇ ਲੋੜੀਂਦਾ ਨਹੀਂ ਹਨ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖ਼ਿਲਾਫ਼ ਹੈ।''

ਉਨ੍ਹਾਂ ਕਿਹਾ, ''ਮੇਰਾ ਕਹਿਣਾ ਹੈ ਕਿ ਜਦੋਂ ਕਸਟਡੀ ਵਿੱਚ ਸੀਗੇ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਕੇ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅੱਜ ਘਰ 'ਤੇ ਰੇਡ ਕੀਤਾ ਜਾ ਰਿਹਾ ਹੈ ਅਤੇ ਬਹੁ-ਬੇਟੀ ਦੀ ਇੱਜਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮਜੀਠੀਆ ਸਾਬ੍ਹ, ਦੇ ਨਾਲ ਮੇਰਾ Ideological ਮਤਭੇਦ ਹੈ ਅਤੇ ਰਹੇਗਾ; ਗੱਲ ਨੀਤੀ ਅਤੇ ਦਿਆਨਤਦਾਰੀ ਦੀ ਹੈ।''

Related Post