Sidhu Moosewala ਕਤਲ ਕੇਸ 'ਚ ਦੋ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ, ਜਾਣੋ ਅਦਾਲਤ ਨੇ ਕੀ ਕਿਹਾ ?
Sidhu Moosewala Murder Case : ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਫੈਸਲੇ 'ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਰਾਹਤ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਮੂਸਾ ਨੂੰ ਦਿੱਤੀ ਹੈ, ਜੋ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁਲਜ਼ਮ ਹਨ।
ਪਹਿਲਾਂ ਹਾਈਕੋਰਟ ਨੇ ਰੱਦ ਕੀਤੀ ਸੀ ਜ਼ਮਾਨਤ
ਜ਼ਮਾਨਤ ਮਿਲਣ ਤੋਂ ਪਹਿਲਾਂ, ਦੋਵੇਂ ਮੁਲਜ਼ਮ ਪੰਜਾਬ ਦੀ ਗੋਬਿੰਦਗੜ੍ਹ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਨੇ ਪਹਿਲਾਂ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੀ ਇੱਕ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ। ਕਈ ਗਵਾਹਾਂ ਨੇ ਗਵਾਹੀ ਦਿੱਤੀ ਹੈ, ਅਤੇ ਸਿੱਧੂ ਮੂਸੇਵਾਲਾ ਦੇ ਪਿਤਾ, ਬਲਕੌਰ ਸਿੰਘ ਦੀ ਗਵਾਹੀ ਵੀ ਜਾਰੀ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਮਾਰਚ, 2026 ਨੂੰ ਹੋਣੀ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਾਂਚ ਵਿੱਚ ਪਵਨ ਬਿਸ਼ਨੋਈ 'ਤੇ ਰਾਜਸਥਾਨ ਰਜਿਸਟ੍ਰੇਸ਼ਨ ਨੰਬਰ ਵਾਲੀ ਬੋਲੈਰੋ ਗੱਡੀ ਸ਼ੂਟਰਾਂ ਨੂੰ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਜਦੋਂ ਕਿ ਜਗਤਾਰ ਸਿੰਘ 'ਤੇ ਮੂਸੇਵਾਲਾ ਦੀ ਨਿਗਰਾਨੀ ਕਰਨ ਦਾ ਦੋਸ਼ ਹੈ।
- PTC NEWS