ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਵਾਲ, ਕੀਤੀ CM ਨੂੰ ਸ਼ਿਕਾਇਤ

ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਖਿਲਾਫ਼ ਸ਼ਿਕਾਇਤ ਕੀਤੀ ਹੈ।

By  Aarti January 15th 2023 12:06 PM

ਲੁਧਿਆਣਾ: ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਖਿਲਾਫ਼ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਲਕੇ ’ਚ ਸਕਰੈਪ (ਕਬਾੜ), ਨਸ਼ੇ ਅਤੇ ਚਾਇਨਾ ਡੋਰ ਦਾ ਕਾਰੋਬਾਰ ਪੁਲਿਸ ਦੀ ਸ਼ਹਿ ’ਤੇ ਧੜੱਲੇ ਨਾਲ ਚੱਲ ਰਿਹਾ ਹੈ। ਜਿਸ ਕਾਰਨ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। 

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਉਨ੍ਹਾਂ ਦੇ ਵਿਧਾਨਸਭਾ ਹਲਕਾ ਪਾਇਲ ’ਚ ਸਕਰੈਪ (ਕਬਾੜ), ਨਸ਼ੇ ਅਤੇ ਚਾਇਨਾ ਡੋਰ ਦਾ ਕੰਮ ਪੁਲਿਸ ਦੀ ਸ਼ਹਿ ’ਤੇ ਧੜੱਲੇ ਨਾਲ ਚੱਲ ਰਿਹਾ ਹੈ। ਇਸ ਸਬੰਧੀ ਉਸ ਵੱਲੋਂ ਕਈ ਵਾਰ ਐਸਐਸਪੀ ਖੰਨਾ ਅਤੇ ਪੁਲਿਸ ਵਿਭਾਗ ਦੇ ਬਾਕੀ ਸੰਬੰਧਿਤ ਅਫਸਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। 


ਐਸਐਚਓ ਦੋਰਾਹਾ ਵੱਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਸਬੂਤ ਵੀ ਦਿੱਤੇ ਗਏ ਹਨ। ਉਨ੍ਹਾਂ ਦੇ ਹਲਕੇ ਦੇ ਕਸਬਾ ਮਲੌਦ ’ਚ ਪਾਬੰਦੀਸ਼ੁਦਾ ਚਾਇਨਾ ਡੋਰ ਸ਼ਰੇਆਮ ਵਿਕ ਰਹੀ ਹੈ। ਫਿਰ ਵੀ ਮਲੌਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਸਕਰੈਪ (ਕਬਾੜ) ਅਤੇ ਨਸ਼ਾ ਵਿਕਣ ਕਾਰਨ ਜਿੱਥੇ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ। ਉੱਥੇ ਹੀ ਸਰਕਾਰ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਜਿਸ ਨਾਲ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ।

ਉਨ੍ਹਾਂ ਸੀਐੱਮ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਐੱਸਐੱਸਪੀ ਖੰਨਾ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਕਰੀ ਜਾਵੇ ਅਤੇ ਐੱਸਐੱਚਓ ਦੋਰਾਹਾ,ਐੱਸਐੱਚਓ ਮਲੌਦ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਜੋ ਹਲਕੇ ਵਿੱਚ ਹੋ ਰਹੇ ਸਕਰੈਪ(ਕਬਾੜ), ਨਸ਼ੇ ਅਤੇ ਚਾਇਨਾ ਡੋਰ ਦੇ ਧੰਦੇ ਨੂੰ ਰੋਕਿਆ ਜਾ ਸਕੇ ਅਤੇ ਹਲਕੇ ਦੇ ਲੋਕਾਂ ਦਾ ਸਰਕਾਰ ਉੱਪਰ ਵਿਸ਼ਵਾਸ ਬਣਿਆ ਰਹੇ।

ਇਹ ਵੀ ਪੜ੍ਹੋ: ਠੰਢ ਤੋਂ ਅਜੇ ਨਹੀਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਹੋਰ ਛਿੜੇਗਾ ਕਾਂਬਾ

Related Post