Mohammed Shami Contemplated Self Killing : ਖੁਦ ਨੂੰ ਖਤਮ ਕਰਨ ਬਾਰੇ ਸੋਚ ਰਹੇ ਸੀ ਮੁਹੰਮਦ ਸ਼ਮੀ, ਖੁਲਾਸੇ ਨੇ ਮਚਾਈ ਹਲਚਲ

ਮੁਹੰਮਦ ਸ਼ਮੀ ਨੂੰ ਹਾਲ ਦੇ ਸਮੇਂ ਵਿੱਚ ਭਾਰਤ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਉਸ ਦਾ ਸਫ਼ਰ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਉਹ ਪਿਛਲੇ ਤਿੰਨ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।

By  Aarti July 24th 2024 09:28 AM

Mohammed Shami Contemplated Self Killing : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਦੋਸਤ ਉਮੇਸ਼ ਕੁਮਾਰ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਮੇਸ਼ ਦਾ ਕਹਿਣਾ ਹੈ ਕਿ ਸ਼ਮੀ ਨੇ ਕੁਝ ਸਾਲ ਪਹਿਲਾਂ ਖੁਦਕੁਸ਼ੀ ਕਰਨ ਬਾਰੇ ਸੋਚਿਆ ਸੀ। ਦੱਸ ਦਈਏ ਕਿ ਸ਼ਮੀ ਦੀ ਨਿੱਜੀ ਜ਼ਿੰਦਗੀ ਤਣਾਅਪੂਰਨ ਰਹੀ ਹੈ, ਕਿਉਂਕਿ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਸ਼ਮੀ 'ਤੇ ਪਾਕਿਸਤਾਨੀ ਔਰਤ ਤੋਂ ਪੈਸੇ ਲੈ ਕੇ ਮੈਚ ਫਿਕਸਿੰਗ ਦਾ ਦੋਸ਼ ਵੀ ਲਾਇਆ ਸੀ।

ਹਾਲਾਂਕਿ ਸ਼ਮੀ ਨੂੰ ਇਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਸ਼ਮੀ ਉਨ੍ਹਾਂ ਔਖੇ ਸਮੇਂ ਦੌਰਾਨ ਉਮੇਸ਼ ਦੇ ਘਰ ਰਹਿੰਦੇ ਸੀ। ਪਾਕਿਸਤਾਨ ਨਾਲ ਫਿਕਸਿੰਗ ਦੇ ਦੋਸ਼ਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਸੀ।

ਉਮੇਸ਼ ਨੇ ਇੱਕ ਪੋਡਕਾਸਟ ’ਚ ਦੱਸਿਆ ਕਿ ਸ਼ਮੀ ਦੁਨੀਆ ਛੱਡਣਾ ਚਾਹੁੰਦੇ ਸੀ। ਉਸ ਦਿਨ ਸਵੇਰ ਦੇ 4 ਵੱਜ ਚੁੱਕੇ ਸੀ। ਮੈਂ ਪਾਣੀ ਪੀਣ ਲਈ ਉੱਠਿਆ। ਮੇਰੀ ਬੋਤਲ ਵਿੱਚ ਪਾਣੀ ਨਹੀਂ ਸੀ ਇਸ ਲਈ ਮੈਂ ਉੱਠ ਕੇ ਰਸੋਈ ਵੱਲ ਚਲਾ ਗਿਆ। ਮੈਂ ਸ਼ਮੀ ਨੂੰ ਬਾਲਕੋਨੀ ਵਿੱਚ ਖੜ੍ਹਾ ਦੇਖਿਆ। ਮੈਂ 19ਵੀਂ ਮੰਜ਼ਿਲ 'ਤੇ ਰਹਿੰਦਾ ਸੀ। ਮੈਂ ਸਮਝ ਗਿਆ ਕਿ ਕੀ ਹੋ ਰਿਹਾ ਸੀ ਅਤੇ ਕੀ ਚੱਲ ਰਿਹਾ ਹੈ। ਉਹ ਰਾਤ ਸ਼ਮੀ ਲਈ ਕਿਆਮਤ ਦੀ ਰਾਤ ਸੀ। ਉਸ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ। ਉਸ ਰਾਤ ਸ਼ਮੀ ਨੇ ਇਕ ਗੱਲ ਕਹੀ ਸੀ। ਸ਼ਮੀ ਨੇ ਕਿਹਾ ਕਿ ਤੁਸੀਂ ਮੈਨੂੰ ਮਾਰ ਸਕਦੇ ਹੋ, ਮੈਨੂੰ ਸਜ਼ਾ ਦੇ ਸਕਦੇ ਹੋ ਜਾਂ ਮੈਨੂੰ ਫਾਂਸੀ ਦੇ ਸਕਦੇ ਹੋ, ਮੈਂ ਹਰ ਚੀਜ਼ ਲਈ ਤਿਆਰ ਹਾਂ। ਪਰ ਪਾਕਿਸਤਾਨ ਨਾਲ ਫਿਕਸਿੰਗ ਦੇ ਦੋਸ਼ ਨੂੰ ਬਰਦਾਸ਼ਤ ਨਹੀਂ ਕਰ ਪਾਵਾਂਗਾ। 

ਉਮੇਸ਼ ਨੇ ਅੱਗੇ ਦੱਸਿਆ ਕਿ ਮੈਂ ਸ਼ਮੀ ਨੂੰ ਕਿਹਾ ਸੀ ਕਿ ਜ਼ਿੰਦਗੀ 'ਚ ਕੁਝ ਵੀ ਰੁਕਦਾ ਨਹੀਂ ਹੈ। ਜਿੰਦਗੀ ਚੱਲਦੀ ਰਹਿੰਦੀ ਹੈ। ਇਕ ਦਿਨ ਜਦੋਂ ਅਸੀਂ ਦੋਵੇਂ ਦੁਪਹਿਰ ਨੂੰ ਗੱਲਬਾਤ ਕਰ ਰਹੇ ਸੀ ਤਾਂ ਅਚਾਨਕ ਮੋਬਾਈਲ 'ਤੇ ਸੁਨੇਹਾ ਆਇਆ ਕਿ ਸ਼ਮੀ ਨੂੰ ਕਲੀਨ ਚਿੱਟ ਮਿਲ ਗਈ ਹੈ। ਮੈਨੂੰ ਲੱਗਦਾ ਹੈ ਕਿ ਉਹ ਦਿਨ ਸ਼ਮੀ ਲਈ ਬਹੁਤ ਖਾਸ ਸੀ। ਇਹ ਸ਼ਾਇਦ ਕਿਸੇ ਵੀ ਵਿਸ਼ਵ ਕੱਪ ਜਿੱਤਣ ਨਾਲੋਂ ਖੁਸ਼ੀ ਦਾ ਦਿਨ ਸੀ। ਸ਼ਮੀ ਨੇ ਕਾਫੀ ਸੰਘਰਸ਼ ਕੀਤਾ ਹੈ। ਉਸ ਨੇ ਪਿੰਡ ਛੱਡ ਕੇ ਆਪਣਾ ਨਾਂ ਕਮਾਇਆ ਹੈ। ਉਹ ਹਰ ਸਾਜ਼ਿਸ਼ ਤੋਂ ਬਚ ਕੇ ਅਤੇ ਹਰ ਸਾਜ਼ਿਸ਼ ਦਾ ਸਾਹਮਣਾ ਕਰਦੇ ਹੋਏ ਦੁਨੀਆ ਦੀ ਚਮਕ-ਦਮਕ ਵਿਚ ਇਸ ਮੁਕਾਮ 'ਤੇ ਪਹੁੰਚੇ ਹਨ। ਸ਼ਮੀ ਅੱਜ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਹੈ।

ਜ਼ਿਕਰਯੋਗ ਹੈ ਕਿ ਸ਼ਮੀ ਫਿਲਹਾਲ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਹਨ। ਸ਼ਮੀ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਉਸ ਦੀ ਅੱਡੀ 'ਤੇ ਸੱਟ ਲੱਗੀ ਸੀ, ਜਿਸ ਦਾ ਫਰਵਰੀ 'ਚ ਆਪਰੇਸ਼ਨ ਹੋਇਆ ਸੀ। ਸ਼ਮੀ ਨੇ ਵਿਸ਼ਵ ਕੱਪ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਉਸ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 24 ਵਿਕਟਾਂ ਲਈਆਂ। ਸ਼ਮੀ ਫਿਲਹਾਲ ਵਾਪਸੀ ਲਈ ਸਖਤ ਮਿਹਨਤ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੇਂਦਰੀ ਬਜਟ ਪੰਜਾਬ ਨਾਲ ਵਿਤਕਰੇ ਵਾਲਾ: ਸੁਖਬੀਰ ਸਿੰਘ ਬਾਦਲ ਨੇ ਕਿਹਾ- ਗਰੀਬਾਂ ਤੇ ਨੌਜਵਾਨਾਂ ਵਾਸਤੇ ਬਜਟ 'ਚ ਕੁਝ ਵੀ ਨਹੀਂ

Related Post