Moosewala ਦਾ ਨਵਾਂ ਗਾਣਾ ਰਿਲੀਜ਼; 2 ਮਿੰਟ 50 ਸਕਿੰਟ ਦੇ ਗੀਤ ਚ ਰੈਪਰ ਬੋਹੀਮੀਆ ਵੀ ਆਏ ਨਜ਼ਰ
ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਹੈ 14ਵਾਂ ਗੀਤ
Moosewala's New Song Released : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 14ਵਾਂ ਗੀਤ ‘ਕਾਲੀ ਹੁੱਡੀ’ ਅੱਜ ਰਿਲੀਜ਼ ਹੋ ਗਿਆ ਹੈ। ਮਸ਼ਹੂਰ ਰੈਪਰ ਬੋਹੀਮੀਆ (Bohemia) ਦੀ ਫੀਚਰਿੰਗ ਵਾਲੇ ਇਸ ਗੀਤ ਨੂੰ ਯੂ-ਟਿਊਬ ’ਤੇ ਰਿਲੀਜ਼ ਹੋਣ ਦੇ ਸਿਰਫ਼ ਦੋ ਘੰਟਿਆਂ ਅੰਦਰ ਹੀ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
2 ਮਿੰਟ 50 ਸਕਿੰਟ ਦੇ ਇਸ ਗੀਤ ਨਾਲ ਮੂਸੇਵਾਲਾ ਦੀ ਸੰਗੀਤਕ ਵਿਰਾਸਤ ਵਿੱਚ ਇੱਕ ਹੋਰ ਅਧਿਆਏ ਜੁੜ ਗਿਆ ਹੈ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਟੀਮ ਵੱਲੋਂ ਗਾਇਕ ਦੇ ਜੀਵਨ ਦੌਰਾਨ ਰਿਕਾਰਡ ਕੀਤੇ ਗਏ ਗੀਤ ਲਗਾਤਾਰ ਰਿਲੀਜ਼ ਕੀਤੇ ਜਾ ਰਹੇ ਹਨ। ਇਨ੍ਹਾਂ ਗੀਤਾਂ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਉਸ ਦੇ ਪ੍ਰਸ਼ੰਸਕ ਅੱਜ ਵੀ ਉਸ ਦੇ ਸੰਗੀਤ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ :
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆਂ ਕਰਾਰ ਦਿੱਤਾ
ਇਸ ਗੀਤ ਦੀ ਰਿਲੀਜ਼ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੇ ਦੂਜੇ ਹੋਲੋਗ੍ਰਾਮ ਸ਼ੋਅ ਤੋਂ ਤੁਰੰਤ ਬਾਅਦ ਹੋਈ ਹੈ। ਇਸ ਟੂਰ ਦੌਰਾਨ ਹੋਲੋਗ੍ਰਾਫਿਕ ਤਕਨਾਲੋਜੀ ਅਤੇ ਆਧੁਨਿਕ ਸਟੇਜ ਇਫ਼ੈਕਟਸ ਦੀ ਮਦਦ ਨਾਲ ਪ੍ਰਸ਼ੰਸਕਾਂ ਨੂੰ ਗਾਇਕ ਦੀ ਸਟੇਜ ’ਤੇ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।
ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਪ੍ਰਸ਼ੰਸਕਾਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। 9 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਏ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਸਨ। ਗਾਇਕ ਦੀ ਟੀਮ ਇਸ ਟੂਰ ਨੂੰ ਕਿਸੇ ਭਾਰਤੀ ਕਲਾਕਾਰ ਦਾ ਪਹਿਲਾ ਹੋਲੋਗ੍ਰਾਮ-ਆਧਾਰਿਤ ਵਿਸ਼ਵ ਦੌਰਾ ਦੱਸ ਰਹੀ ਹੈ।
ਇਸ ਤੋਂ ਪਹਿਲਾਂ ਟੋਰਾਂਟੋ ਸ਼ੋਅ ਦੇ ਮੌਕੇ ’ਤੇ ਮੂਸੇਵਾਲਾ ਦੇ ਪ੍ਰਸਿੱਧ ਗੀਤ ‘295’ ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ ਸੀ। ਸਾਲ 2021 ਵਿੱਚ ਰਿਲੀਜ਼ ਹੋਇਆ ਇਹ ਗੀਤ ਅੱਜ ਵੀ ਉਸ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਗੀਤਾਂ ਵਿੱਚ ਸ਼ਾਮਲ ਹੈ।
ਮੂਸੇਵਾਲਾ ਦਾ ਮਰਨ ਤੋਂ ਬਾਅਦ ਰਿਲੀਜ਼ ਹੋਇਆ 13ਵਾਂ ਗੀਤ ‘ਗੋਸਟਫੇਸ ਕਿੱਲਾ’ ਪਿਛਲੇ ਮਹੀਨੇ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਉਸ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਹੋਲੋਗ੍ਰਾਮ ਟੂਰ ਦੇ ਪਹਿਲੇ ਪੜਾਅ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਕੁੱਲ 10 ਸ਼ੋਅ ਕਰਵਾਏ ਜਾਣਗੇ।
ਬੀਤੇ ਦਿਨੀਂ ਆਧੁਨਿਕ ਹੋਲੋਗ੍ਰਾਫਿਕ ਤਕਨਾਲੋਜੀ ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦੀ ਸਟੇਜ ਤੇ ਮੌਜੂਦਗੀ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ। ਉਨ੍ਹਾਂ ਦੇ ਸਾਈਨਡ ਟੂ ਗੌਡ ਵਰਲਡ ਟੂਰ ਦੀ ਸ਼ੁਰੂਆਤ ਦੌਰਾਨ ਨਾ ਸਿਰਫ਼ ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ, ਸਗੋਂ ਮੂਸੇਵਾਲਾ ਦੀ ਵਿਸ਼ਵ ਪੱਧਰੀ ਪ੍ਰਸਿੱਧੀ ਨੂੰ ਵੀ ਮੁੜ ਚਰਚਾ ਵਿੱਚ ਲਿਆ ਦਿੱਤਾ। ਇਸ ਤਕਨਾਲੋਜੀ ਰਾਹੀਂ ਸਿੱਧੂ ਮੂਸੇਵਾਲਾ ਦੀ ਸਟੇਜ ਤੇ ਮੌਜੂਦਗੀ ਦਾ ਅਜਿਹਾ ਅਹਿਸਾਸ ਪੈਦਾ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੀ ਆਵਾਜ਼, ਸਿਨੇਮੈਟਿਕ ਵਿਜ਼ੂਅਲਸ ਅਤੇ ਸਟੇਜ ਦੇ ਵਿਸ਼ੇਸ਼ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਗਿਆ। ਇਸ ਨਵੇਂ ਤਜਰਬੇ ਨੇ ਪ੍ਰਸ਼ੰਸਕਾਂ ਨੂੰ ਆਪਣੇ ਪਸੰਦੀਦਾ ਗਾਇਕ ਦੀਆਂ ਯਾਦਾਂ ਨਾਲ ਮੁੜ ਜੋੜਨ ਦਾ ਮੌਕਾ ਦਿੱਤਾ।
ਇਸ ਖ਼ਾਸ ਮੌਕੇ ਤੇ ਸਿੱਧੂ ਮੂਸੇਵਾਲਾ ਦੇ ਪ੍ਰਸਿੱਧ ਗੀਤ 295 ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ। ਵੀਡੀਓ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ, ਪਿਤਾ ਅਤੇ ਛੋਟਾ ਭਰਾ ਸ਼ਾਮਲ ਹਨ। ਉਨ੍ਹਾਂ ਨੂੰ ਵੀ ਦਿਖਾਇਆ ਗਿਆ ਹੈ। ਪਰਿਵਾਰ ਨਾਲ ਜੁੜੇ ਦ੍ਰਿਸ਼ਾਂ ਨੇ ਇਸ ਵੀਡੀਓ ਨੂੰ ਹੋਰ ਭਾਵੁਕ ਬਣਾ ਦਿੱਤਾ ਹੈ। ਛੋਟੇ ਸਿੱਧੂ ਨੇ ਸਟੇਜ ‘ਤੇ ਆਪਣਾ ਸਵੈਗ ਦਿਖਾਇਆ। ਉਸ ਨੇ ਆਪਣੇ ਵੱਡੀ ਵੀਰ ਦੀ ਤਰ੍ਹਾਂ ਪੱਟ ‘ਤੇ ਥਾਪੀ ਮਾਰੀ।