ਰੱਬ ਦੀ ਮਿਹਰ ਨਾ ਹੋਣ ਕਾਰਨ ਮੋਰਬੀ ਕੇਬਲ ਹਾਦਸਾ ਵਾਪਰਿਆ, ਓਰੇਵਾ ਕੰਪਨੀ ਦੇ ਮੈਨੇਜਰ ਵੱਲੋਂ ਅਦਾਲਤ 'ਚ ਦਲੀਲ

By  Ravinder Singh November 2nd 2022 04:12 PM -- Updated: November 2nd 2022 04:13 PM

ਗੁਜਰਾਤ : ਗੁਜਰਾਤ ਦੇ ਮੋਰਬੀ ਕੇਬਲ ਪੁਲ ਹਾਦਸੇ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਚਲੇ ਜਾਣ ਮਗਰੋਂ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਵਧੀਕ ਸੀਨੀਅਰ ਸਿਵਲ ਜੱਜ ਐਮਜੇ ਖ਼ਾਨ ਦੀ ਅਦਾਲਤ 'ਚ ਸੁਣਵਾਈ ਹੋਈ। ਇਸ ਦੌਰਾਨ ਪੁਲ ਦੀ ਸੰਭਾਲ ਕਰ ਰਹੀ ਕੰਪਨੀ ਦੇ ਮੈਨੇਜਰ ਨੇ ਬੇਤੁਕੀ ਬਹਿਸ ਕੀਤੀ। ਮੈਨੇਜਰ ਦੀਪਕ ਪਾਰੇਖ ਨੇ ਦਲੀਲ ਦਿੱਤੀ ਕਿ ਇਹ ਹਾਦਸਾ ਪ੍ਰਮਾਤਮਾ ਦੀ ਮਿਹਰ ਦੀ ਘਾਟ ਕਾਰਨ ਵਾਪਰਿਆ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸ਼ਾਇਦ ਇਹ ਰੱਬ ਦੀ ਇੱਛਾ ਸੀ ਕਿ ਅਜਿਹਾ ਹੋਵੇ।'' ਇਸ ਦੇ ਨਾਲ ਹੀ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਰੰਮਤ ਦੌਰਾਨ ਪੁਲ ਦੀਆਂ ਖ਼ਰਾਬ ਹੋਈਆਂ ਤਾਰਾਂ ਨਹੀਂ ਬਦਲੀਆਂ ਗਈਆਂ। ਇਹ ਹਾਦਸੇ ਦਾ ਸਭ ਤੋਂ ਵੱਡਾ ਕਾਰਨ ਸੀ। ਕਾਬਿਲੇਗੌਰ ਹੈ ਕਿ 30 ਅਕਤੂਬਰ ਨੂੰ ਕੇਬਲ ਪੁਲ ਟੁੱਟਣ ਕਾਰਨ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਕੁਝ ਲੋਕ ਜ਼ਖਮੀ ਹੋਏ ਹਨ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।


ਮੈਨੇਜਰ ਨੇ ਜੱਜ ਨੂੰ ਦੱਸਿਆ ਕਿ ਕੰਪਨੀ ਦੇ ਐਮਡੀ ਜੈਸੁਖ ਪਟੇਲ ਬਹੁਤ ਚੰਗੀ ਸ਼ਖ਼ਸੀਅਤ ਹੈ। 2007 ਵਿੱਚ ਉਨ੍ਹਾਂ ਨੂੰ ਪੁਲ ਦੀ ਸੰਭਾਲ ਦਾ ਜ਼ਿੰਮਾ ਸੌਂਪਿਆ ਗਿਆ ਸੀ। ਉਨ੍ਹਾਂ ਨੇ ਬਹੁਤ ਸ਼ਾਨਦਾਰ ਕੰਮ ਕੀਤਾ, ਇਸ ਲਈ ਮੁੜ ਠੇਕਾ ਮਿਲ ਗਿਆ। ਅਸੀਂ ਪਹਿਲਾਂ ਵੀ ਮੁਰੰਮਤ ਦਾ ਕੰਮ ਕੀਤਾ ਹੈ। ਇਸ ਵਾਰ ਰੱਬ ਦੀ ਕ੍ਰਿਪਾ ਨਹੀਂ ਹੋਈ। ਸ਼ਾਇਦ ਇਸੇ ਕਰਕੇ ਹਾਦਸਾ ਵਾਪਰ ਗਿਆ ਹੈ। ਸੁਣਵਾਈ ਪੂਰੀ ਹੋਣ ਮਗਰੋਂ ਮੋਰਬੀ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਏਸੀ ਪ੍ਰਜਾਪਤੀ ਨੇ ਕਿਹਾ, ਓਰੇਵਾ ਕੰਪਨੀ ਦੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਰਬੀ ਬਾਰ ਐਸੋਸੀਏਸ਼ਨ ਤੇ ਰਾਜਕੋਟ ਬਾਰ ਐਸੋਸੀਏਸ਼ਨ ਨੇ ਮੁਲਜ਼ਮਾਂ ਲਈ ਕੇਸ ਨਾ ਲੜਨ ਦਾ ਐਲਾਨ ਕੀਤਾ ਹੈ।

ਸਰਕਾਰੀ ਵਕੀਲ ਨੇ ਕਿਹਾ ਕਿ ਕੇਬਲ ਪੁਲ ਦੇ ਟੁੱਟਣ ਦਾ ਅਸਲ ਕਾਰਨ ਇਹ ਸੀ ਕਿ ਕੰਪਨੀ ਨੇ ਪੁਲ ਦਾ ਭਾਰ ਘਟਾਉਣ ਲਈ ਐਲੂਮੀਨੀਅਮ ਦੀ ਬਜਾਏ ਲੱਕੜ ਦੀ ਵਰਤੋਂ ਕੀਤੀ ਸੀ। ਇਸ ਨਾਲ ਹੀ ਪੁਲਿਸ ਜਾਂਚ 'ਚ ਹਾਦਸੇ ਦਾ ਇਕ ਹੋਰ ਕਾਰਨ ਸਾਹਮਣੇ ਆਇਆ ਹੈ। ਜਿਨ੍ਹਾਂ ਇੰਜੀਨੀਅਰਾਂ ਨੂੰ ਰੱਖ-ਰਖਾਵ ਦਾ ਕੰਮ ਸੌਂਪਿਆ ਗਿਆ ਸੀ, ਉਨ੍ਹਾਂ ਕੋਲ ਡਿਗਰੀਆਂ ਨਹੀਂ ਸਨ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਪੁਲ ਨੂੰ ਬਿਨਾਂ ਮਨਜ਼ੂਰੀ ਦੇ ਜਲਦਬਾਜ਼ੀ 'ਚ ਖੋਲ੍ਹਿਆ ਗਿਆ ਸੀ। ਹਾਦਸੇ ਵਾਲੇ ਦਿਨ ਟਿਕਟਾਂ ਸਮਰੱਥਾ ਤੋਂ ਵੱਧ ਵਿਕੀਆਂ। ਲੋਕਾਂ ਨੂੰ ਲਾਈਫ ਜੈਕਟਾਂ ਵੀ ਨਹੀਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : ਜਲ ਸਪਲਾਈ ਦੇ ਕੱਚੇ ਕਾਮਿਆਂ ਵੱਲੋਂ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ


Related Post