ਪੰਜਾਬ ਕੇਂਦਰੀ ਯੂਨੀਵਰਸਿਟੀ 'ਚ ਹੈਂਡਬਾਲ ਟੂਰਨਾਮੈਂਟ ਸ਼ੁਰੂ, MP ਹਰਸਿਮਰਤ ਕੌਰ ਬਾਦਲ ਨੇ ਕੀਤਾ ਉਦਘਾਟਨ

By  KRISHAN KUMAR SHARMA February 19th 2024 02:33 PM

ਪੀਟੀਸੀ ਨਿਊਜ਼ ਡੈਸਕ: ਪੰਜਾਬ ਕੇਂਦਰੀ ਯੂਨੀਵਰਸਿਟੀ 'ਚ 19 ਤੋਂ 22 ਫਰਵਰੀ ਤੱਕ ਕਰਵਾਇਆ ਜਾਣ ਵਾਲਾ ਪੁਰਸ਼ਾਂ ਦਾ ਹੈਂਡਬਾਲ (Handball) ਟੂਰਨਾਮੈਂਟ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ ਉਦਘਾਟਨ ਸੋਮਵਾਰ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ (MP Harsimrat Kaur Badal ) ਨੇ ਕੀਤੀ। ਪੰਜਾਬ ਕੇਂਦਰੀ ਯੂਨੀਵਰਸਿਟੀ ਆਗਾਮੀ ਏਆਈਯੂ (AIU) ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਪੁਰਸ਼) ਟੂਰਨਾਮੈਂਟ 2023-24 ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਸਮਾਗਮ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (AIU) ਦੀ ਅਗਵਾਈ ਹੇਠ 19 ਤੋਂ 22 ਫਰਵਰੀ 2024 ਤੱਕ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਕਰਵਾਇਆ ਜਾ ਰਿਹਾ ਹੈ।

ਉਦਘਾਟਨੀ ਸਮਾਰੋਹ ਦੌਰਾਨ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖੇਡ ਉਤਸਵ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਕੇ.ਪੀ.ਐਸ. ਬਰਾੜ, ਇਨਕਮ ਟੈਕਸ ਕਮਿਸ਼ਨਰ ਬਠਿੰਡਾ ਸਮੇਤ ਨਾਮੀ ਅਥਲੀਟ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਖਿਡਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ੇਸ਼ ਯਤਨ ਕੀਤੇ ਹਨ, ਜਿਨਾਂ ਦੀ ਸਰਕਾਰ ਦੌਰਾਨ ਪਿੰਡਾਂ ਵਿੱਚ ਵਾਲੀਬਾਲ ਗਰਾਊਂਡ ਜਿੰਮ ਦਿੱਤੇ ਗਏ ਉਥੇ ਹੀ ਮਾਂ ਖੇਡ ਕਬੱਡੀ ਨੂੰ ਵੀ ਪ੍ਰਫੁੱਲਤ ਕੀਤਾ ਗਿਆ ਸੀ।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਲਈ ਏਆਈਯੂ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਹੈਂਡਬਾਲ (ਪੁਰਸ਼) ਚੈਂਪੀਅਨਸ਼ਿਪ 2023-24 ਦੀ ਮੇਜ਼ਬਾਨੀ ਕਰਨਾ ਬਹੁਤ ਮਾਣ ਦਾ ਪਲ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਦੀ ਈਵੈਂਟ ਪ੍ਰਬੰਧਕੀ ਟੀਮ ਅਤੇ ਯੂਨੀਵਰਸਿਟੀ ਭਾਈਚਾਰੇ ਵਲੋਂ ਟੂਰਨਾਮੈਂਟ ਦੀ ਮੇਜ਼ਬਾਨੀ ਦੌਰਾਨ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਨੂੰ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਯੂਨੀਵਰਸਿਟੀ ਦਾ ਪਹਿਲਾ ਟੂਰਨਾਮੈਂਟ

ਯੂਨੀਵਰਸਿਟੀ (Central University of Punjab) ਪ੍ਰਸ਼ਾਸਨ ਦਾ ਇਹ ਪਹਿਲਾ ਕੌਮੀ ਖੇਡ ਸਮਾਗਮ ਹੈ। ਟੂਰਨਾਮੈਂਟ ਵਿੱਚ ਉੱਤਰੀ ਭਾਰਤ ਯੂਨੀਵਰਸਿਟੀਆਂ ਦੀਆਂ ਕੁੱਲ 40 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਲਗਭਗ 600 ਖਿਡਾਰੀ ਅਤੇ 70 ਕੋਚ ਅਤੇ ਪ੍ਰਬੰਧਕ ਸ਼ਾਮਲ ਹੋਣਗੇ। ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਨੂੰ ਉੱਚ ਪੱਧਰੀ ਖੇਡ ਮੁਕਾਬਲੇ ਦੇਖਣ ਨੂੰ ਮਿਲਣਗੇ, ਜਿਸ ਦੇ ਨਾਲ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀ ਹੈਂਡਬਾਲ ਦੀ ਖੇਡ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ।

Related Post