ਐਮਪੀ ਪ੍ਰਨੀਤ ਕੌਰ ਨੇ 'ਕਾਰਨ ਦੱਸੋ ਨੋਟਿਸ' ਦਾ ਦਿੱਤਾ ਜਵਾਬ, ਜਨਰਲ ਸਕੱਤਰ ’ਤੇ ਕੀਤਾ ਪਲਟਵਾਰ

By  Ravinder Singh February 6th 2023 12:25 PM

ਨਵੀਂ ਦਿੱਲੀ : ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਥਿੱਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ 'ਤੇ ਪਲਟਵਾਰ ਕੀਤਾ। ਕਾਂਗਰਸ ਦੇ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਲਿਖੇ ਆਪਣੇ ਪੱਤਰ ਵਿਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, "ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇਕ ਵਿਅਕਤੀ ਜਿਸਨੇ ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ 'ਤੇ 1999 'ਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ।


ਉਨ੍ਹਾਂ ਨੇ ਅੱਗੇ ਲਿਖਿਆ ਕਿ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਿਹਾ ਸੀ ਤੇ ਜਿਸਨੂੰ ਖੁਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਹੁਣ ਇਕ ਅਖੌਤੀ ਅਨੁਸ਼ਾਸਨੀ ਮਾਮਲੇ 'ਤੇ ਮੇਰੇ 'ਤੇ ਸਵਾਲ ਕਰ ਰਿਹਾ ਹੈ।"

ਪੰਜਾਬ ਆਗੂਆਂ ਬਾਰੇ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, "ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਮੇਰੇ 'ਤੇ ਇਲਜ਼ਾਮ ਲਾਏ ਹਨ, ਇਹ ਉਹ ਲੋਕ ਹਨ, ਜਿਨ੍ਹਾਂ ਖਿਲਾਫ਼ ਬਹੁਤ ਸਾਰੇ ਮਾਮਲੇ ਬਕਾਇਆ ਪਏ ਹਨ। ਜੇਕਰ ਤੁਸੀਂ ਮੇਰੇ ਪਤੀ ਨੂੰ ਫ਼ੋਨ ਕਰੋ ਜੋ ਉਸ ਸਮੇਂ ਮੁੱਖ ਮੰਤਰੀ ਸਨ ਤਾਂ ਉਹ ਤੁਹਾਨੂੰ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੀ ਰੱਖਿਆ ਇਸ ਲਈ ਕੀਤੀ ਸੀ ਕਿਉਂਕਿ ਇਹ ਆਪਣੀ ਪਾਰਟੀ ਦੇ ਸਨ।

ਹਾਲਾਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ।" ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਣਗੇ, "ਮੈਂ ਹਮੇਸ਼ਾ ਆਪਣੇ ਹਲਕੇ, ਹਲਕਾ ਵਾਸੀਆਂ ਅਤੇ ਆਪਣੇ ਰਾਜ ਪੰਜਾਬ ਦੇ ਨਾਲ ਖੜ੍ਹੀ ਹਾਂ ਅਤੇ ਉਨ੍ਹਾਂ ਦੇ ਮੁੱਦੇ ਉਠਾਏ ਹਨ, ਚਾਹੇ ਕੋਈ ਵੀ ਸਰਕਾਰ ਸੱਤਾ ਵਿਚ ਹੋਵੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਕਿਸੇ ਵੀ ਰਾਜ 'ਚ ਕਾਂਗਰਸ ਸਰਕਾਰ ਦੇ ਹਰ ਮੰਤਰੀ ਨੂੰ ਆਪਣੇ ਵਿਭਾਗ ਦੇ ਕੇਂਦਰੀ ਸਰਕਾਰ ਦੇ ਮੰਤਰੀ ਨੂੰ ਮਿਲਣਾ ਹੁੰਦਾ ਹੈ, ਜੋ ਕਿ ਇਸ ਮਾਮਲੇ 'ਚ ਭਾਜਪਾ ਸਰਕਾਰ ਹੈ, ਆਪਣੇ ਰਾਜ ਦੇ ਮਸਲੇ ਹੱਲ ਕਰਵਾਉਣ ਲਈ।

ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼

ਪੰਜਾਬ 'ਚ ਪਿਛਲੀ ਕਾਂਗਰਸ ਸਰਕਾਰ ਵਿਚ ਅਜਿਹਾ ਕੀਤਾ ਗਿਆ ਸੀ ਅਤੇ ਅੱਜ ਮੈਨੂੰ ਯਕੀਨ ਹੈ ਕਿ ਛੱਤੀਸਗੜ੍ਹ ਤੇ ਰਾਜਸਥਾਨ ਵਿਚ ਵੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਹੀ ਕੀਤਾ ਜਾ ਰਿਹਾ ਹੈ। ਮੈਂ ਵੀ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਹਮੇਸ਼ਾ ਰਾਜ ਤੇ ਕੇਂਦਰ ਸਰਕਾਰ ਨੂੰ ਮਿਲਦੀ ਰਹਾਂਗੀ, ਚਾਹੇ ਤੁਸੀਂ ਪਸੰਦ ਕਰੋ ਜਾਂ ਨਾ।" ਪ੍ਰਨੀਤ ਕੌਰ ਨੇ ਪੱਤਰ ਦੀ ਸਮਾਪਤੀ ਇਹ ਕਹਿ ਕੇ ਕੀਤੀ, "ਗੱਲ ਰਹੀ ਮੇਰੇ ਵਿਰੁੱਧ ਕਾਰਵਾਈ ਦੀ ਤਾਂ ਤੁਸੀਂ ਜੋ ਚਾਹੋ ਕਾਰਵਾਈ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ।"

ਰਿਪੋਰਟ-ਅੰਕੁਸ਼ ਮਹਾਜਨ

Related Post