17 ਸਾਲਾ ਨਾਬਾਲਗ ਨੇ ਪਿਓ ਦੀ BMW ਦੇ ਬੋਨਟ ਤੇ ਮੁੰਡੇ ਨੂੰ ਬਿਠਾ ਕੇ ਕੀਤਾ ਸਟੰਟ...ਵੇਖੋ ਵਾਇਰਲ ਵੀਡੀਓ
Mumbai Viral Video: ਮੁੰਬਈ ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਲਗਜ਼ਰੀ ਗੱਡੀ ਦੇ ਬੋਨਟ 'ਤੇ ਪਏ 21 ਸਾਲਾ ਸੁਭਮ ਮਿਤਾਲੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂਕਿ ਨਾਬਾਲਗ ਡਰਾਈਵਰ ਅਤੇ ਉਸ ਦੇ ਪਿਤਾ ਦੋਵਾਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਣੇ ਦੇ ਪੋਰਸ਼ ਕਾਂਡ 'ਚ ਨਾਬਾਲਗ ਵੱਲੋਂ ਦੋ ਇੰਜੀਨੀਅਰਾਂ ਨੂੰ ਕੁਚਲਣ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਉਥੇ ਹੀ ਹੁਣ ਮੁੰਬਈ 'ਚ ਇੱਕ ਨਾਬਾਲਗ ਵੱਲੋਂ ਪਿਓ ਦੀ ਬੀਐਮਡਬਲਯੂ ਚਲਾਉਂਦੇ ਹੋਏ ਇੱਕ ਵਿਅਕਤੀ ਨੂੰ ਬੋਨਟ 'ਤੇ ਲੰਮੇ ਪੈ ਕੇ ਸਟੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ।ਮੁੰਬਈ ਦੇ ਨਾਲ ਲੱਗਦੇ ਕਲਿਆਣ ਨਗਰ ਦੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ BMW ਕਾਰ ਦੇ ਬੋਨਟ 'ਤੇ ਲੰਮੇ ਪੈ ਕੇ ਸਟੰਟ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀ ਦਾ ਨਾਂ ਸੁਭਮ ਮਿਤਾਲੀਆ ਹੈ। ਪੁਲਿਸ ਨੇ ਨਾਬਾਲਗ ਲੜਕੇ ਅਤੇ ਉਸਦੇ ਪਿਤਾ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਪੁਣੇ 'ਚ ਇਕ ਪੋਰਸ਼ ਕਾਰ 'ਚ ਇਕ ਨਾਬਾਲਗ ਨੇ ਦੋ ਲੋਕਾਂ ਨੂੰ ਇਸ ਤਰ੍ਹਾਂ ਕੁਚਲਿਆ ਕਿ ਦੋਹਾਂ ਦੀ ਜਾਨ ਚਲੀ ਗਈ। ਦੋਵੇਂ ਪੇਸ਼ੇ ਤੋਂ ਇੰਜੀਨੀਅਰ ਸਨ। ਮਰਨ ਵਾਲਿਆਂ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਹੈ। ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਆਸ-ਪਾਸ ਦੇ ਸਥਾਨਕ ਲੋਕਾਂ ਵੱਲੋਂ ਬਣਾਇਆ ਗਿਆ ਅਤੇ ਪੁਣੇ ਪੋਰਸ਼ ਦੇ ਸ਼ਰਾਬੀ ਤੇ ਡਰਾਈਵਿੰਗ ਮਾਮਲੇ ਦੇ ਆਲੇ-ਦੁਆਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਸਖਤ ਟ੍ਰੈਫਿਕ ਅਤੇ ਸੜਕ ਸੁਰੱਖਿਆ ਕਾਨੂੰਨਾਂ ਦੀ ਜ਼ਰੂਰਤ 'ਤੇ ਇਕ ਹੋਰ ਬਹਿਸ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਾਰ ਨਾਬਾਲਗ ਦੇ ਪਿਤਾ ਦੇ ਨਾਂ ਦਰਜ ਹੈ, ਜੋ ਕਿ ਸਰਕਾਰੀ ਅਹੁਦਾ ਸੰਭਾਲਦਾ ਹੈ। ਪੁਲਿਸ ਨੇ ਕਿਹਾ, “ਅਧਿਕਾਰੀ ਦੇ ਖਿਲਾਫ ਆਪਣੇ ਨਾਬਾਲਗ ਬੇਟੇ ਨੂੰ ਜਾਇਜ਼ ਡਰਾਈਵਰ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਦੀ ਆਗਿਆ ਦੇਣ ਲਈ ਕੇਸ ਦਰਜ ਕੀਤਾ ਗਿਆ ਹੈ।”