ਮਾਨ ਸਾਬ੍ਹ, ਪੰਜਾਬ ਚ ਸ਼ੁਕਰਾਨਾ ਨਹੀਂ, ਹੁਣ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਹੈ : ਨਵਜੋਤ ਕੌਰ ਸਿੱਧੂ
Navjot Kaur Sidhu : ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ‘ਤੇ ਕਿਹਾ ਕਿ ਜਦੋਂ ਲੋਕ ਖੁਦ ਸੜਕਾਂ ‘ਤੇ ਬੈਠੇ ਹੋਣ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣ ਤਾਂ ਉਸ ਵੇਲੇ ਸ਼ੁਕਰਾਨਾ ਕਰਨ ਦਾ ਨਹੀਂ, ਸਗੋਂ ਜਵਾਬ ਦੇਣ ਦਾ ਸਮਾਂ ਹੁੰਦਾ ਹੈ।
Navjot Kaur Sidhu slams CM Mann : ਸਾਬਕਾ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਅਤੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਉੱਤਰੀ ਰਾਜਾਂ ਦੀ ਨੈਸ਼ਨਲ ਜਨਰਲ ਸਕੱਤਰ ਅਤੇ ਇੰਚਾਰਜ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਲੋਕ ਖੁਦ ਸੜਕਾਂ ‘ਤੇ ਬੈਠੇ ਹੋਣ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣ ਤਾਂ ਉਸ ਵੇਲੇ ਸ਼ੁਕਰਾਨਾ ਕਰਨ ਦਾ ਨਹੀਂ, ਸਗੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਹੁੰਦਾ ਹੈ।
ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਮੱਥਾ ਟੇਕਣ ਲਈ ਇੱਥੇ ਪਹੁੰਚੇ ਸਨ ਅਤੇ ਪੰਜਾਬ ਦੇ ਭਲੇ ਲਈ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਘਰ ਵਿੱਚ ਅਰਦਾਸ ਕਰਨਾ ਜ਼ਰੂਰੀ ਸਮਝਦੇ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਬਾਰੇ ਕਿਹਾ ਕਿ “ਸ਼ੁਕਰਾਨਾ ਉਦੋਂ ਕੀਤਾ ਜਾਂਦਾ ਹੈ ਜਦੋਂ ਲੋਕ ਖੁਸ਼ ਹੋਣ ਅਤੇ ਸਰਕਾਰ ਨੇ ਲੋਕਾਂ ਲਈ ਕੋਈ ਵੱਡਾ ਕੰਮ ਕੀਤਾ ਹੋਵੇ।”
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ ਅਤੇ ਸੂਬੇ ਦਾ ਖ਼ਜ਼ਾਨਾ ਕੁਝ ਵਿਅਕਤੀਆਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਡੀਏ ਲੈਣ ਦੇ ਲਈ ਸੰਘਰਸ਼ ਕਰ ਰਹੇ ਹਨ, ਪੰਜਾਬ ਦਾ ਨੌਜਵਾਨ ਅੱਜ ਦੁਖੀ ਹੋ ਕੇ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ ਇਸ ਲਈ ਮੁੱਖ ਮੰਤਰੀ ਨੂੰ ਸ਼ੁਕਰਾਨਾ ਉਦੋਂ ਕਰਨਾ ਚਾਹੀਦਾ ਜਦੋਂ ਪੰਜਾਬ ਵਿੱਚੋਂ ਲੋਕਾਂ ਦਾ ਪਲਾਇਨ ਰੁਕੇਗਾ ਅਤੇ ਬਾਹਰ ਗਏ ਲੋਕ ਮੁੜ ਪੰਜਾਬ ਵੱਲ ਆਉਣਗੇ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੰਟੈਲੀਜੈਂਸ ਅਤੇ ਪੁਲੀਸ ਪ੍ਰਣਾਲੀ ਚੌਕਸ ਹੈ ਤਾਂ ਅਜਿਹੀਆਂ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਚੈਕਿੰਗ ਪ੍ਰਣਾਲੀ ਕਮਜ਼ੋਰ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਐਂਟਰੀ ਕਰਨ ਵਾਲੇ ਲੋਕਾਂ ਦੀ ਜਾਂਚ ਤੱਕ ਨਹੀਂ ਕੀਤੀ ਜਾਂਦੀ, ਜਦਕਿ ਗੈਰਕਾਨੂੰਨੀ ਮਾਈਨਿੰਗ ਨਾਲ ਜੁੜੇ ਟਿੱਪਰ ਬੇਰੋਕ ਆਵਾਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਨਸ਼ਾ ਬੇਰੋਕ ਟੋਕ ਵਿੱਕ ਰਿਹਾ ਹੈ ਤੇ ਪੰਜਾਬ ਅੰਦਰ ਸਰਕਾਰੀ ਅੰਕੜਿਆਂ ਦੇ ਅਨੁਸਾਰ ਐਚ.ਆਈ.ਵੀ ਪੋਜੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ ਜੋ ਕਿ ਦੁੱਖ ਦੀ ਗੱਲ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਹੋਈ ਹੈ। ਇਸਤੋਂ ਇਲਾਵਾ ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਚੋਣਾਂ ਲੜੇਗੀ ਤੇ ਸਰਵੇ ਕਰਵਾ ਕੇ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਕੀਤੀ ਜਾਵੇਗੀ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ ਐਡਵਾਈਜ਼ਰ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਤਰਨਜੀਤ ਸਿੰਘ ਗਰੇਵਾਲ, ਗੁਰਮੇਲ ਸਿੰਘ ਸਹੋਤਾ, ਯੁਗਲ ਨਰਾਇਣ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸ੍ਰੀ ਅਨੰਦਪੁਰ ਸਾਹਿਬ ਤੋਂ ਬੀ.ਐੱਸ. ਚਾਨਾ ਦੀ ਰਿਪੋਰਟ