ਬਟਾਲਾ 'ਚ ਨਵਜੰਮੇ ਬੱਚੇ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅੱਗੇ ਕੀਤਾ ਪ੍ਰਦਰਸ਼ਨ

ਪੀੜਤ ਆਪਣੀ ਗਰਭਵਤੀ ਪਤਨੀ ਨੂੰ ਮੋਟਰਸਾਈਕਲ 'ਤੇ ਸਰਕਾਰੀ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਪਰ ਜਦੋਂ ਤੱਕ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਤਾਂ ਬੱਚੇ ਦੀ ਮੌਤ ਹੋ ਗਈ।

By  KRISHAN KUMAR SHARMA December 18th 2023 03:06 PM -- Updated: December 18th 2023 03:17 PM

ਬਟਾਲਾ: ਬਟਾਲਾ 'ਚ ਨਵਜੰਮੇ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ, ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਨਿੱਜੀ ਹਸਪਤਾਲ ਅੱਗੇ ਜੰਮ ਕੇ ਹੰਗਾਮਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜਦੋਂ ਉਹ ਡਿਲੀਵਰੀ ਲਈ ਪਹੁੰਚੇ ਤਾਂ ਹਸਪਤਾਲ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ।

ਮਾਮਲਾ ਦੇਰ ਰਾਤ ਦਾ ਹੈ, ਜਦੋਂ ਬੱਚੇ ਦੀ ਮੌਤ ਹੋਈ ਸੀ। ਉਪਰੰਤ ਸੋਮਵਾਰ ਸਵੇਰੇ ਪਰਿਵਾਰਕ ਮੈਂਬਰ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਦੇ ਬਾਹਰ ਇਕੱਠਾ ਹੋਏ ਅਤੇ ਹਸਪਤਾਲ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ।

ਗਰਭਵਤੀ ਔਰਤ ਨੇ ਰਸਤੇ 'ਚ ਦਿੱਤਾ ਬੱਚੇ ਨੂੰ ਜਨਮ, ਪਰ ਹੋ ਗਈ ਮੌਤ
ਪਰਿਵਾਰਕ ਮੈਂਬਰਾਂ ਮੁਤਾਬਕ ਪੀੜਤ ਆਪਣੀ ਪਤਨੀ ਨੂੰ ਡਿਲੀਵਰੀ ਦਾ ਸਮਾਂ ਆਉਣ 'ਤੇ ਨਿੱਜੀ ਹਸਪਤਾਲ ਲੈ ਕੇ ਆਇਆ ਸੀ, ਪਰ ਇਥੇ ਕੋਈ ਵੀ ਡਾਕਟਰ ਨਹੀਂ ਸੀ। ਨਿੱਜੀ ਹਸਪਤਾਲ ਵੱਲੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਜਾਣ ਲਈ ਕਿਹਾ, ਪਰ ਜਦੋਂ ਪੀੜਤ ਆਪਣੀ ਗਰਭਵਤੀ ਪਤਨੀ ਨੂੰ ਮੋਟਰਸਾਈਕਲ 'ਤੇ ਸਰਕਾਰੀ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਪਰ ਜਦੋਂ ਤੱਕ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਤਾਂ ਬੱਚੇ ਦੀ ਮੌਤ ਹੋ ਗਈ।


ਡਾਕਟਰਾਂ ਨੇ ਇਲਜ਼ਾਮ ਨਕਾਰੇ
ਉਧਰ, ਨਿਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੇਰ ਰਾਤ ਇਹ ਲੋਕ ਉਨ੍ਹਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ। ਇਸ ਲਈ ਚੌਕੀਦਾਰ ਨੇ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ। ਉਸ ਤੋਂ ਬਾਦ ਕੀ ਹੋਇਆ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਐਬੂਲੈਂਸ ਮੰਗਵਾ ਕੇ ਮਰੀਜ਼ ਨੂੰ ਸਰਕਾਰੀ ਹਸਪਤਾਲ ਜਾਣ ਦੀ ਹੀ ਸਲਾਹ ਦਿੰਦੇ ਹਾਂ। ਨਾਲ ਹੀ ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਸੀ ਆਉਂਦੇ।

ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹ ਲਗਾਤਾਰ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ, ਪਰ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤਾ। ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਹਸਪਤਾਲ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Related Post