Amritsar News : ਅੰਮ੍ਰਿਤਸਰ ਚ ਨਵ-ਵਿਆਹੁਤਾ ਨੇ ਫਾਹਾ ਲਾ ਕੇ ਜੀਵਨਲੀਲ੍ਹਾ ਕੀਤੀ ਸਮਾਪਤ, ਪੇਕੇ ਪਰਿਵਾਰ ਵੱਲੋਂ ਸਹੁਰਿਆਂ ਤੇ ਇਲਜ਼ਾਮ
Amritsar News : ਮ੍ਰਿਤਕਾ ਦੇ ਪਿਤਾ ਦਾ ਇਹ ਵੀ ਇਲਜ਼ਾਮ ਸੀ ਕਿ ਸਹੁਰਾ ਮਨਜੀਤ ਸਿੰਘ, ਉਸਦੀ ਧੀ 'ਤੇ ਗੰਦੀ ਨਜ਼ਰ ਰੱਖਦਾ ਸੀ ਅਤੇ ਇੱਕ ਵਾਰ ਰਸੋਈ ਵਿੱਚ ਉਸਨੂੰ ਜਬਰੀ ਫੜ ਵੀ ਲਿਆ ਸੀ। ਜਦੋਂ ਧੀ ਨੇ ਇਹ ਗੱਲ ਘਰ ਵਿੱਚ ਦੱਸੀ ਤਾਂ ਉਸਦੇ ਪਤੀ ਨੇ ਉਲਟ ਉਸਨੂੰ ਚਪੇੜਾਂ ਮਾਰੀਆਂ ਸਨ।
Amritsar News : ਅੰਮ੍ਰਿਤਸਰ ਦੇ ਸਲਤਾਨਵਿੰਡ ਰੋਡ 'ਤੇ ਸਥਿਤ ਮੰਦਰ ਵਾਲਾ ਬਾਜ਼ਾਰ ਇਲਾਕੇ ਵਿੱਚ ਇੱਕ ਬਹੁਤ ਹੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 22 ਸਾਲਾ ਨਵ-ਵਿਆਹੁਤਾ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਕੁੜੀ ਨੂੰ ਪਰਿਵਾਰ ਵੱਲੋਂ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੀੜਤ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਲਾਏ ਗੰਭੀਰ ਇਲਜ਼ਾਮ
ਮ੍ਰਿਤਕਾ ਦੇ ਪਿਤਾ ਮਨਮੋਹਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਲੁਧਿਆਣੇ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਧੀ ਦੇ ਵਿਆਹ ਨੂੰ ਹਾਲੇ ਸਿਰਫ਼ 10 ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਾਇਆ ਕਿ ਰਿਸ਼ਤੇਦਾਰੀ ਵਿਚਕਾਰ ਵਿਆਹ ਹੋਣ ਦੇ ਬਾਵਜੂਦ ਸੱਸ ਜਸਵਿੰਦਰ ਕੌਰ, ਸਹੁਰਾ ਮਨਜੀਤ ਸਿੰਘ ਅਤੇ ਨਣਦ ਸਨੇਹਾ, ਅਕਸਰ ਉਸਦੀ ਧੀ ਨਾਲ ਬਦਸਲੂਕੀ ਅਤੇ ਤੰਗ ਪਰੇਸ਼ਾਨ ਕਰਦੇ ਸਨ। ਪਰਿਵਾਰ ਵੱਲੋਂ ਉਸਨੂੰ ਗਰਭਵਤੀ ਨਾ ਹੋਣ ਦਾ ਤਾਅਣਾ ਦਿੱਤਾ ਜਾਂਦਾ ਸੀ।
''ਸਹੁਰਾ ਰੱਖਦਾ ਸੀ ਗੰਦੀ ਨਜ਼ਰ''
ਮ੍ਰਿਤਕਾ ਦੇ ਪਿਤਾ ਦਾ ਇਹ ਵੀ ਇਲਜ਼ਾਮ ਸੀ ਕਿ ਸਹੁਰਾ ਮਨਜੀਤ ਸਿੰਘ, ਉਸਦੀ ਧੀ 'ਤੇ ਗੰਦੀ ਨਜ਼ਰ ਰੱਖਦਾ ਸੀ ਅਤੇ ਇੱਕ ਵਾਰ ਰਸੋਈ ਵਿੱਚ ਉਸਨੂੰ ਜਬਰੀ ਫੜ ਵੀ ਲਿਆ ਸੀ। ਜਦੋਂ ਧੀ ਨੇ ਇਹ ਗੱਲ ਘਰ ਵਿੱਚ ਦੱਸੀ ਤਾਂ ਉਸਦੇ ਪਤੀ ਨੇ ਉਲਟ ਉਸਨੂੰ ਚਪੇੜਾਂ ਮਾਰੀਆਂ ਸਨ। ਪਰਿਵਾਰ ਨੇ ਸ਼ੱਕ ਜਤਾਇਆ ਕਿ ਘਟਨਾ ਵਾਲੇ ਦਿਨ ਵੀ ਕੋਈ ਇਸ ਹੀ ਤਰ੍ਹਾਂ ਦੀ ਘਿਨੌਣੀ ਹਰਕਤ ਹੋਈ ਹੋਵੇਗੀ, ਜਿਸ ਤੋਂ ਤੰਗ ਆ ਕੇ ਉਸਨੇ ਇਹ ਕਦਮ ਚੁੱਕਿਆ।
ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ
ਉਧਰ, ਇਸ ਸਬੰਧੀ ਥਾਣਾ ਬੀ-ਡਵੀਜ਼ਨ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ, ਜੋ ਵੀ ਬਿਆਨ ਲਿਖਾਉਣਗੇ, ਉਸਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।